BBC ਸਪੋਰਟਸ ਵੁਮੈਨ ਆਫ ਦਿ ਈਅਰ ਐਵਾਰਡਜ਼ 2025 ਚ ਸਮ੍ਰਿਤੀ ਮੰਧਾਨਾ, ਦਿਵਿਆ ਦੇਸ਼ਮੁਖ, ਪ੍ਰੀਤੀ ਪਾਲ ਅਤੇ ਅੰਜਲੀ ਭਾਗਵਤ ਨੂੰ ਕੀਤਾ ਸਨਮਾਨਿਤ

BBC Indian Sportswoman Award 2025 : ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡਜ਼ ਦੇ ਛੇਵੇਂ ਐਡੀਸ਼ਨ ਦੇ ਜੇਤੂਆਂ ਦਾ ਐਲਾਨ ਹੋ ਗਿਆ ਹੈ। ਇਸ ਵਿੱਚ ਕ੍ਰਿਕਟ, ਸ਼ੂਟਿੰਗ, ਸ਼ਤਰੰਜ, ਕਬੱਡੀ ਅਤੇ ਪੈਰਾ-ਐਥਲੈਟਿਕਸ ਵਿੱਚ ਆਪਣੀਆਂ ਬੇਮਿਸਾਲ ਉਪਲੱਬਧੀਆਂ ਲਈ ਭਾਰਤ ਦੀਆਂ ਮੋਹਰੀ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ

By  Shanker Badra February 20th 2026 11:47 AM

BBC Indian Sportswoman Award 2025 : ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡਜ਼ ਦੇ ਛੇਵੇਂ ਐਡੀਸ਼ਨ ਦੇ ਜੇਤੂਆਂ ਦਾ ਐਲਾਨ ਹੋ ਗਿਆ ਹੈ। ਇਸ ਵਿੱਚ ਕ੍ਰਿਕਟ, ਸ਼ੂਟਿੰਗ, ਸ਼ਤਰੰਜ, ਕਬੱਡੀ ਅਤੇ ਪੈਰਾ-ਐਥਲੈਟਿਕਸ ਵਿੱਚ ਆਪਣੀਆਂ ਬੇਮਿਸਾਲ ਉਪਲੱਬਧੀਆਂ ਲਈ ਭਾਰਤ ਦੀਆਂ ਮੋਹਰੀ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ।

ਲਿਏਂਡਰ ਪੇਸ, ਦੀਪਾ ਮਲਿਕ ਅਤੇ ਅੰਜੂ ਬੌਬੀ ਜਾਰਜ ਦੀ ਇੱਕ ਉੱਘੀ ਗ੍ਰੈਂਡ ਜੂਰੀ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੂੰ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ (ISWOTY) 2025 ਚੁਣਿਆ ਹੈ। ਖੱਬੇ ਹੱਥ ਦੇ ਇਹ 29 ਸਾਲਾ ਭਾਰਤੀ ਮਹਿਲਾ ਬੱਲੇਬਾਜ਼ ਪਹਿਲਾਂ ਹੀ ਕ੍ਰਿਕਟ ਦੀਆਂ ਮਹਾਨ ਖਿਡਾਰਨਾਂ ਵਿੱਚੋਂ ਇੱਕ ਹਨ, ਜੋ ਮਹਿਲਾ ਵਨਡੇ ਇੰਟਰਨੈਸ਼ਨਲ ਮੈਚਾਂ ਵਿੱਚ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲੀਆਂ ਖਿਡਾਰਨਾਂ ਦੀ ਸੂਚੀ ਵਿੱਚ ਦੂਜੇ ਨੰਬਰ ਉੱਤੇ ਹਨ ਅਤੇ ਕੁੱਲ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਦੁਨੀਆ ਭਰ ਵਿੱਚ ਮੌਜੂਦਾ ਖਿਡਾਰਨਾਂ ਵਿੱਚ ਤੀਸਰੇ ਸਥਾਨ ‘ਤੇ ਹਨ।

ਬੀਬੀਸੀ ISWOTY ਐਵਾਰਡ ਲੈਂਦੇ ਹੋਏ ਮੰਧਾਨਾ ਨੇ ਕਿਹਾ: “ਮੈਨੂੰ ਬੈਸਟ ਸਪੋਰਟਸਵੁਮਨ ਆਫ਼ ਦਿ ਈਅਰ ਦਾ ਐਵਾਰਡ ਦੇਣ ਲਈ ਬੀਬੀਸੀ ਦਾ ਧੰਨਵਾਦ, 2025 ਮਹਿਲਾ ਕ੍ਰਿਕਟ ਲਈ ਇੱਕ ਖਾਸ ਸਾਲ ਸੀ, ਖ਼ਾਸ ਕਰਕੇ ਸਾਲ ਦੇ ਆਖ਼ਿਰ ਵਿੱਚ ਜਦੋਂ ਅਸੀਂ ਵਰਲਡ ਕੱਪ ਜਿੱਤੇ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਯੋਗਦਾਨ ਦੇ ਸਕੀ ਅਤੇ ਭਾਰਤ ਨੂੰ ਮੈਚ ਜਿੱਤਣ ਵਿੱਚ ਮਦਦ ਕਰ ਸਕੀ।”

ਸਮਾਰੋਹ ਵਿੱਚ ਇਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ:

• ਦਿਵਿਆ ਦੇਸ਼ਮੁਖ: ਬੀਬੀਸੀ ਐਮਰਜਿੰਗ ਪਲੇਅਰ ਆਫ਼ ਦਿ ਈਅਰ, ਸਿਰਫ਼ 20 ਸਾਲ ਦੀ ਉਮਰ ਵਿੱਚ ਇਤਿਹਾਸਕ FIDE ਮਹਿਲਾ ਵਿਸ਼ਵ ਕੱਪ ਜਿੱਤਣ ਲਈ।

• ਪ੍ਰੀਤੀ ਪਾਲ: ਬੀਬੀਸੀ ਪੈਰਾ-ਸਪੋਰਟਸਵੁਮਨ ਆਫ਼ ਦਿ ਈਅਰ, 2024 ਦੇ ਪੈਰਿਸ ਪੈਰਾਲਿੰਪਿਕਸ ਵਿੱਚ ਟਰੈਕ ਐਂਡ ਫੀਲਡ ਵਿੱਚ ਦੋ ਕਾਂਸੇ ਦੇ ਤਮਗੇ ਜਿੱਤਣ ਲਈ।

• ਅੰਜਲੀ ਭਾਗਵਤ: ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ, ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਸ਼ੂਟਰ ਵਜੋਂ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੀ ਵੱਡੀ ਸਫਲਤਾ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਖਿਡਾਰਨਾਂ ਦੀਆਂ ਉਪਲੱਬਧੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਅਤੇ ਭਾਰਤੀ ਮਹਿਲਾ ਖੇਡ ਨੂੰ ਦੁਨੀਆ ਭਰ ਵਿੱਚ ਦਿਖਾਉਣ ਦੀ ਬੀਬੀਸੀ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਬੀਬੀਸੀ ਨਿਊਜ਼ ਦੇ ਸੀਈਓ, ਜੋਨਾਥਨ ਮੂਨਰੋ ਨੇ ਕਿਹਾ - “ਇਸ ਸਾਲ ਦੇ ਜੇਤੂਆਂ ਨੂੰ ਵਧਾਈ, ਜਿਨ੍ਹਾਂ ਨੇ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੀਬੀਸੀ ਵਰਲਡ ਸਰਵਿਸ ਭਾਰਤ ਅਤੇ ਦੁਨੀਆ ਭਰ ਦੇ ਦਰਸ਼ਕਾਂ ਤੱਕ ਮਨੁੱਖੀ ਕੋਸ਼ਿਸ਼ਾਂ ਅਤੇ ਸ਼ਾਨਦਾਰ ਕਾਮਯਾਬੀਆਂ ਦੀਆਂ ਅਜਿਹੀਆਂ ਕਹਾਣੀਆਂ ਪਹੁੰਚਾਉਣ ਲਈ ਵਚਨਬੱਧ ਹੈ।”

ਇਸ ਤੋਂ ਇਲਾਵਾ, ਇਸ ਸਮਾਰੋਹ ਵਿੱਚ ਵੱਖੋ-ਵੱਖਰੇ ਹੁਨਰ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਵੀ ਸਨਮਾਨਿਤ ਗਿਆ, ਜਿਨ੍ਹਾਂ ਵਿੱਚ ਸਟਾਰ ਪਰਫ਼ਾਰਮਰਜ਼ ਅਤੇ ਚੇਂਜਮੇਕਰਜ਼ ਨੂੰ ਸਰਾਹਿਆ ਗਿਆ, ਜਿਨ੍ਹਾਂ ਦਾ ਯੋਗਦਾਨ ਭਾਰਤੀ ਖੇਡ ਦੀ ਤਸਵੀਰ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰ ਰਿਹਾ ਹੈ।

ਬੀਬੀਸੀ ਸਟਾਰ ਪਰਫ਼ਾਰਮਰਜ਼ ਆਫ ਦਿ ਈਅਰ 2025

• ਭਾਰਤੀ ਮਹਿਲਾ ਕ੍ਰਿਕਟ ਟੀਮ: ਇਤਿਹਾਸਕ ਵਿਸ਼ਵ ਕੱਪ ਜਿੱਤ ਲਈ।

• ਏਕਤਾ ਭਯਾਨ, ਦੀਪਤੀ ਜੀਵਨਜੀ ਅਤੇ ਪ੍ਰੀਤੀ ਪਾਲ: ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ।

• ਭਾਰਤੀ ਮਹਿਲਾ ਕ੍ਰਿਕਟ ਟੀਮ ਫਾਰ ਦਿ ਬਲਾਇੰਡ: ਪ੍ਰੇਰਨਾਦਾਇਕ ਵਿਸ਼ਵ ਕੱਪ ਜਿੱਤ ਲਈ।

• ਭਾਰਤੀ ਮਹਿਲਾ ਕਬੱਡੀ ਟੀਮ: ਵਿਸ਼ਵ ਕੱਪ ਵਿੱਚ ਸ਼ਾਨਦਾਰ ਜਿੱਤ ਲਈ।

ਬੀਬੀਸੀ ਚੇਂਜਮੇਕਰਜ਼ ਆਫ ਦਿ ਈਅਰ 2025

• ਭਾਰਤੀ ਮਹਿਲਾ ਆਈਸ ਹਾਕੀ ਟੀਮ: ਇੱਕ ਗੈਰ-ਰਵਾਇਤੀ ਖੇਡ ਵਿੱਚ ਨਵੀਂ ਰਾਹ ਖੋਲ੍ਹਣ ਲਈ।

• ਰਾਜਬੀਰ ਕੌਰ: ਭਾਰਤੀ ਫੀਲਡ ਹਾਕੀ ਖਿਡਾਰਨ ਅਤੇ ਰਾਸ਼ਟਰੀ ਮਹਿਲਾ ਟੀਮ ਦੇ ਸਾਬਕਾ ਕਪਤਾਨ।

• ਸਵਿਤਾ ਪੂਨੀਆ: ਭਾਰਤੀ ਫੀਲਡ ਹਾਕੀ ਖਿਡਾਰਨ ਅਤੇ ਰਾਸ਼ਟਰੀ ਟੀਮ ਦੇ ਮੌਜੂਦਾ ਮੈਂਬਰ।

• ਪਾਣੀ ਦੇਵੀ: ਜ਼ਮੀਨੀ ਪੱਧਰ 'ਤੇ ਖੇਡ ਵਿੱਚ ਉਨ੍ਹਾਂ ਦੇ ਪ੍ਰਭਾਵਸ਼ਾਲੀ ਯੋਗਦਾਨ ਲਈ ਸਨਮਾਨਿਤ।

ਬੀਬੀਸੀ ISWOTY ਨੂੰ ਕਲੈਕਟਿਵ ਨਿਊਜ਼ਰੂਮ ਮੈਨੇਜ ਅਤੇ ਪ੍ਰੋਡਿਊਸ ਕਰਦਾ ਹੈ। ਕਲੈਕਟਿਵ ਨਿਊਜ਼ਰੂਮ ਦੀ ਐਡੀਟਰ-ਇਨ-ਚੀਫ਼ ਅਤੇ ਕੋ-ਫਾਊਂਡਰ ਰੂਪਾ ਝਾਅ ਕਹਿੰਦੇ ਹਨ, “ਖੇਡ ਸਾਰਿਆਂ ਦੇ ਲਈ ਹੈ ਅਤੇ ਇਸ ਦੀ ਅਸਲੀ ਤਾਕਤ ਸਿਰਫ਼ ਜਿੱਤ ਵਿੱਚ ਨਹੀਂ, ਬਲਕਿ ਉਨ੍ਹਾਂ ਮੌਕਿਆਂ ਵਿੱਚ ਹੈ ਜੋ ਇਹ ਪੈਦਾ ਕਰਦਾ ਹੈ। ISWOTY 2026 ਹਰ ਉਸ ਮਹਿਲਾ ਦੇ ਲਈ ਇੱਕ ਉਤਸਵ ਹੈ, ਜਿਸ ਨੇ ਅੱਗੇ ਵੱਧ ਕੇ ਬੰਧਨਾਂ ਨੂੰ ਤੋੜਿਆ ਹੈ ਅਤੇ ਮੈਦਾਨ ਵਿੱਚ ਆਪਣਾ ਹੱਕ ਹਾਸਲ ਕੀਤਾ ਹੈ।“


Related Post