ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਗਹਿਣਿਆਂ ਵਾਲਾ ਬੈਗ ਮੋੜ ਕੇ ਵਿਖਾਈ ਇਮਾਨਦਾਰੀ, ਹਿਮਾਚਲ ਪ੍ਰਦੇਸ਼ ਤੋਂ ਆਇਆ ਸੀ ਪਰਿਵਾਰ
Sri Harimandir Sahib : ਜਾਣਕਾਰੀ ਅਨੁਸਾਰ, ਹਿਮਾਚਲ ਪ੍ਰਦੇਸ਼ ਤੋਂ ਆਇਆ ਇੱਕ ਪਰਿਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚਿਆ ਸੀ। ਇਸ ਦੌਰਾਨ ਪਰਕਰਮਾ ਵਿੱਚ ਉਨ੍ਹਾਂ ਦਾ ਇੱਕ ਬੈਗ ਗੁੰਮ ਹੋ ਗਿਆ, ਜਿਸ ਵਿੱਚ ਸੋਨੇ ਦੇ ਕੀਮਤੀ ਗਹਿਣਿਆਂ ਦੇ ਨਾਲ-ਨਾਲ 25,000 ਰੁਪਏ ਦੀ ਨਗਦੀ ਵੀ ਮੌਜੂਦ ਸੀ।
Sri Harimandir Sahib : ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਸੇਵਾਦਾਰਾਂ ਨੇ ਇੱਕ ਵਾਰ ਫਿਰ ਆਪਣੀ ਇਮਾਨਦਾਰੀ, ਨਿਸ਼ਕਾਮ ਸੇਵਾ ਅਤੇ ਜ਼ਿੰਮੇਵਾਰੀ ਦਾ ਸ਼ਾਨਦਾਰ ਉਦਾਹਰਨ ਪੇਸ਼ ਕਰਦਿਆਂ ਹਿਮਾਚਲ ਪ੍ਰਦੇਸ਼ ਤੋਂ ਦਰਸ਼ਨਾਂ ਲਈ ਆਏ ਇੱਕ ਸ਼ਰਧਾਲੂ ਪਰਿਵਾਰ ਦਾ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣਿਆਂ ਅਤੇ 25 ਹਜ਼ਾਰ ਰੁਪਏ ਦੀ ਨਗਦੀ ਨਾਲ ਭਰਿਆ ਗੁਆਚਿਆ ਬੈਗ ਸੁਰੱਖਿਅਤ ਢੰਗ ਨਾਲ ਅਸਲ ਵਾਰਸਾਂ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਗੁਰੂ ਘਰ ਦੀ ਸੇਵਾ ਕਰਨ ਵਾਲੇ ਸੇਵਾਦਾਰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।
ਸੋਨੇ ਦੇ ਗਹਿਣਿਆਂ ਅਤੇ ਨਕਦੀ ਨਾਲ ਭਰਿਆ ਹੋਇਆ ਸੀ ਬੈਗ (Example of Honesty)
ਜਾਣਕਾਰੀ ਅਨੁਸਾਰ, ਹਿਮਾਚਲ ਪ੍ਰਦੇਸ਼ ਤੋਂ ਆਇਆ ਇੱਕ ਪਰਿਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚਿਆ ਸੀ। ਇਸ ਦੌਰਾਨ ਪਰਕਰਮਾ ਵਿੱਚ ਉਨ੍ਹਾਂ ਦਾ ਇੱਕ ਬੈਗ ਗੁੰਮ ਹੋ ਗਿਆ, ਜਿਸ ਵਿੱਚ ਸੋਨੇ ਦੇ ਕੀਮਤੀ ਗਹਿਣਿਆਂ ਦੇ ਨਾਲ-ਨਾਲ 25,000 ਰੁਪਏ ਦੀ ਨਗਦੀ ਵੀ ਮੌਜੂਦ ਸੀ। ਬੈਗ ਗੁੰਮ ਹੋਣ ਕਾਰਨ ਪਰਿਵਾਰ ਕਾਫ਼ੀ ਪਰੇਸ਼ਾਨ ਹੋ ਗਿਆ, ਪਰ ਕੁਝ ਹੀ ਸਮੇਂ ਬਾਅਦ ਇਹ ਬੈਗ ਸੇਵਾਦਾਰਾਂ ਨੂੰ ਪਰਕਰਮਾ ਵਿੱਚ ਲਾਵਾਰਿਸ ਹਾਲਤ ਵਿੱਚ ਮਿਲ ਗਿਆ।
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਬੈਗ ਮਿਲਣ ਉਪਰੰਤ ਉਸ ਨੂੰ ਤੁਰੰਤ ਸੀਸੀਟੀਵੀ ਕੰਟਰੋਲ ਰੂਮ ਵਿੱਚ ਲਿਜਾਇਆ ਗਿਆ, ਜਿੱਥੇ ਲੋੜੀਂਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਬੈਗ ਵਿੱਚੋਂ ਮਿਲੇ ਪਤੇ ਅਤੇ ਹੋਰ ਜਾਣਕਾਰੀ ਦੇ ਆਧਾਰ 'ਤੇ ਸ਼ਰਧਾਲੂ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁੜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੁਲਾਇਆ ਗਿਆ।
ਸ਼ਰਧਾਲੂ ਪਰਿਵਾਰ ਨੂੰ ਸੰਗਤ ਦੀ ਹਾਜ਼ਰੀ 'ਚ ਮੋੜਿਆ
ਮੈਨੇਜਰ ਮੇਜਰ ਸਿੰਘ ਅਰਦਾਸੀਆ ਅਤੇ ਗੁਰਵਿੰਦਰ ਸਿੰਘ ਦੇਵੀਦਾਸਪੁਰ ਦੀ ਹਾਜ਼ਰੀ ਵਿੱਚ ਸੰਗਤਾਂ ਦੇ ਸਾਹਮਣੇ ਪੂਰੀ ਤਸੱਲੀ ਕਰਨ ਤੋਂ ਬਾਅਦ ਬੈਗ ਅਤੇ ਉਸ ਵਿੱਚ ਮੌਜੂਦ ਸਾਰਾ ਕੀਮਤੀ ਸਮਾਨ ਸਹੀ ਵਾਰਸਾਂ ਨੂੰ ਸੁਰੱਖਿਅਤ ਵਾਪਸ ਸੌਂਪ ਦਿੱਤਾ ਗਿਆ।
ਸ਼੍ਰੋਮਣੀ ਕਮੇਟੀ ਸਕੱਤਰ ਨੇ ਸੇਵਾਦਾਰਾਂ ਦੀ ਕੀਤੀ ਸ਼ਲਾਘਾ
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਸੇਵਾਦਾਰਾਂ ਦੀ ਇਮਾਨਦਾਰੀ ਅਤੇ ਨਿਸ਼ਕਾਮ ਸੇਵਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਰੋਜ਼ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ ਅਤੇ ਸੇਵਾਦਾਰ ਦਿਨ-ਰਾਤ ਪੂਰੀ ਲਗਨ, ਜ਼ਿੰਮੇਵਾਰੀ ਅਤੇ ਸਮਰਪਣ ਨਾਲ ਸੰਗਤਾਂ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਗੁਰੂ ਘਰ ਦੀ ਸੇਵਾ ਭਾਵਨਾ ਅਤੇ ਸੇਵਾਦਾਰਾਂ ਦੀ ਇਮਾਨਦਾਰੀ ਨੂੰ ਦਰਸਾਉਂਦੀਆਂ ਹਨ।
ਕਾਹਲਵਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਛੋਟੀ-ਮੋਟੀ ਗਲਤੀ ਜਾਂ ਭੁਲੇਖੇ ਕਾਰਨ ਗੁਰੂ ਘਰ ਬਾਰੇ ਨਕਾਰਾਤਮਕ ਪ੍ਰਚਾਰ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਨਾਲ ਹੀ, ਉਨ੍ਹਾਂ ਸਲਾਹ ਦਿੱਤੀ ਕਿ ਸ਼ਰਧਾਲੂ ਆਪਣੇ ਕੀਮਤੀ ਗਹਿਣੇ, ਨਗਦੀ ਅਤੇ ਹੋਰ ਕੀਮਤੀ ਸਮਾਨ ਪਰਕਰਮਾ ਵਿੱਚ ਨਾਲ ਲਿਜਾਣ ਦੀ ਬਜਾਏ ਗੁਰੂ ਘਰ ਵੱਲੋਂ ਬਣਾਏ ਗਏ ਵਿਸ਼ੇਸ਼ ਸੁਰੱਖਿਅਤ ਕਾਊਂਟਰਾਂ 'ਤੇ ਜਮ੍ਹਾਂ ਕਰਵਾਉਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ... ਕੀ ਮਾਪਿਆਂ ਨੂੰ ਵਾਪਸ ਮਿਲੇਗੀ ਸਕੂਲਾਂ ਵੱਲੋਂ ਵਸੂਲੀ ਵੱਧ ਫ਼ੀਸ ? ਪੜ੍ਹੋ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਕੀ ਦਿੱਤਾ ਜਵਾਬ