LPU ਪ੍ਰਦਰਸ਼ਨ ਦੌਰਾਨ ਫੜੇ Walkie Talkie ਤੇ ਹਥਿਆਰ ਬਾਰੇ ਪੁਲਿਸ ਦਾ ਵੱਡਾ ਖੁਲਾਸਾ ! ਸੁਖਬੀਰ ਸਿੰਘ ਬਾਦਲ ਨੇ ਚੁੱਕੇ ਸਨ ਸਵਾਲ
Lovely Professional University : ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਫੜੇ ਗਏ ਲੋਕ ਬਾਹਰੀ ਸਨ ਅਤੇ ਇਸ ਤੋਂ ਇਹ ਮਾਮਲਾ ਵੱਡੀ ਸਾਜ਼ਿਸ਼ ਨਾਲ ਜੁੜਿਆ ਹੋਣ ਦਾ ਸੰਕੇਤ ਮਿਲਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ FIR ਕਿੱਥੇ ਦਰਜ ਕੀਤੀ ਹੈ।
Lovely Professional University : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਦੇਰ ਰਾਤ ਹਿੰਸਕ ਝੜਪ ਦੌਰਾਨ ਪੁਲਿਸ ਵੱਲੋਂ ਵਾਕੀ-ਟਾਕੀ ਅਤੇ ਹਥਿਆਰ (ਦਾਤਰ) ਬਰਾਮਦ ਅਤੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪੂਰੇ ਮਾਮਲੇ ਪਿੱਛੇ 'ਆਪ' ਸਰਕਾਰ 'ਤੇ ਸਾਜਿਸ਼ ਰਚਣ ਦਾ ਇਲਜ਼ਾਮ ਲਾਇਆ ਜਾ ਰਿਹਾ ਸੀ। ਹੁਣ ਪੁਲਿਸ (Punjab Police) ਨੇ ਇਸ 'ਤੇ ਬਿਆਨ ਜਾਰੀ ਕਰਕੇ ਵਾਕੀ-ਟਾਕੀ (Walkie Talkie) ਦੇ ਫੌਜੀ ਅਧਿਕਾਰੀਆਂ ਨਾਲ ਸਬੰਧਤ ਹੋਣ ਬਾਰੇ ਕਿਹਾ ਹੈ।
ਕਿਸਦੇ ਹਨ ਵਾਕੀ ਟਾਕੀ ?
ਡੀਆਈਜੀ ਲਾਅ ਐਂਡ ਆਰਡਰ ਪਰਵੀਨ ਸਿਨਹਾ (DIG Parveen Sinha) ਨੇ ਕਿਹਾ ਕਿ ਵਾਕੀ-ਟਾਕੀ ਬਰਾਮਦ ਹੋਣ ਵਾਲੀ ਜੋ ਵੀਡੀਓ ਵਾਇਰਲ ਹੋਈ, ਉਹ ਵਾਕੀ ਟਾਕੀ ਫੌਜ ਦੇ ਅਧਿਕਾਰੀਆਂ ਦੀ ਸੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਜਦੋਂ ਸਾਰੀ ਜਾਂਚ ਕੀਤੀ ਤਾਂ ਫੌਜੀ ਅਫਸਰ ਯੂਨੀਵਰਸਿਟੀ ਬਾਕਾਇਦਾ ਮਨਜੂਰੀ ਨਾਲ ਆਪਣੇ ਬੱਚਿਆਂ ਕੋਲ ਆਏ ਸਨ। ਉਨ੍ਹਾਂ ਕਿਹਾ ਕਿ ਅਸੀਂ ਸਾਰੀ ਜਾਂਚ ਕੀਤੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਹਾਲਾਂਕਿ, ਪੁਲਿਸ ਅਧਿਕਾਰੀ ਨੇ ਬਰਾਮਦ ਹਥਿਆਰ (ਦਾਤਰ) ਬਾਰੇ ਕੋਈ ਗੱਲ ਨਹੀਂ ਕੀਤੀ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਇਸ ਮਸਲੇ 'ਤੇ ਸੂਬਾ ਸਰਕਾਰ ਅਤੇ ਪੁਲਿਸ ’ਤੇ ਗੰਭੀਰ ਸਵਾਲ ਚੁੱਕੇ ਸਨ। ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਅੰਦਰ ਵਾਕੀ-ਟਾਕੀ ਅਤੇ ਹਥਿਆਰਾਂ ਨਾਲ ਲੈਸ ਕੁਝ ਲੋਕ ਮਿਲੇ, ਜਿਨ੍ਹਾਂ ਨੂੰ ਵਿਦਿਆਰਥੀਆਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ।
ਸੁਖਬੀਰ ਸਿੰਘ ਬਾਦਲ ਨੇ ਚੁੱਕੇ ਸਨ ਸਵਾਲ
ਅਕਾਲੀ ਦਲ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਫੜੇ ਗਏ ਲੋਕ ਬਾਹਰੀ ਸਨ ਅਤੇ ਇਸ ਤੋਂ ਇਹ ਮਾਮਲਾ ਵੱਡੀ ਸਾਜ਼ਿਸ਼ ਨਾਲ ਜੁੜਿਆ ਹੋਣ ਦਾ ਸੰਕੇਤ ਮਿਲਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ FIR ਕਿੱਥੇ ਦਰਜ ਕੀਤੀ ਹੈ ?
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਅਜਿਹੇ ਮਾਮਲਿਆਂ ਨੂੰ ਲੈ ਕੇ ਸਵਾਲ ਉੱਠੇ ਹਨ। ਸੁਖਬੀਰ ਬਾਦਲ ਨੇ ਮਲੇਰਕੋਟਲਾ ਦੇ ਇੱਕ ਪੁਰਾਣੇ ਮਾਮਲੇ ਦਾ ਹਵਾਲਾ ਦਿੰਦਿਆਂ ‘ਆਪ’ ਆਗੂ ਨਰੇਸ਼ ਯਾਦਵ ਨਾਲ ਜੁੜੇ ਮਾਮਲੇ ਦਾ ਜ਼ਿਕਰ ਕੀਤਾ।
ਸਾਂਸਦ ਹਰਸਿਮਰਤ ਕੌਰ ਬਾਦਲ ਨੇ ਪੁਲਿਸ ਐਕਸ਼ਨ 'ਤੇ ਚੁੱਕੇ ਸਵਾਲ
ਇਸ ਤੋਂ ਪਹਿਲਾਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਵੀ LPU ਦੀ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਪੁਲਿਸ ਇਸ ਨੂੰ ‘ਮਾਮੂਲੀ ਲਾਠੀਚਾਰਜ’ ਦੱਸ ਰਹੀ ਹੈ, ਜਦਕਿ ਵੀਡੀਓਜ਼ ਵਿੱਚ ਨੌਜਵਾਨਾਂ, ਖ਼ਾਸ ਕਰਕੇ ਕੁੜੀਆਂ ਨਾਲ ਕਥਿਤ ਧੱਕਾ-ਮੁੱਕੀ ਅਤੇ ਕੁੱਟਮਾਰ ਦੇ ਦ੍ਰਿਸ਼ ਨਜ਼ਰ ਆ ਰਹੇ ਹਨ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ LPU ਵਿੱਚ ਦੁਨੀਆ ਭਰ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਹਨ ਅਤੇ ਅਜਿਹੀ ਘਟਨਾ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ।
ਉਧਰ, ਪੰਜਾਬ ਦੇ DGP ਗੌਰਵ ਯਾਦਵ ਨੇ ਕਿਹਾ ਹੈ ਕਿ ਘਟਨਾ ਵਿੱਚ ਸ਼ਾਮਲ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮਾਮਲੇ ਵਿੱਚ FIR ਦਰਜ ਕੀਤੀ ਗਈ ਹੈ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। DGP ਮੁਤਾਬਕ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਇਸ ਸਮੇਂ ਪੁਲਿਸ ਅਤੇ ਪ੍ਰਸ਼ਾਸਨ ਦੀ ਪਹਿਲ ਹੈ।
ਇਹ ਵੀ ਪੜ੍ਹੋ...
ਬੈਂਕਾਂ ਦੀ ਹੜਤਾਲ ਨੂੰ ਲੈ ਕੇ ਵੱਡੀ ਖ਼ਬਰ, ਹੜਤਾਲ ਟਲੀ, ਜਾਣੋ ਬੈਂਕ ਯੂਨੀਅਨਾਂ ਵੱਲੋਂ ਕਿਉਂ ਕੀਤੀ ਜਾ ਰਹੀ ਸੀ ਹੜਤਾਲ ?