ਸਿੱਧੂ ਮੂਸੇਵਾਲਾ ਦਾ ਗੁਨਾਹਗਾਰ ਕਾਨੂੰਨ ਦੇ ਸ਼ਿਕੰਜੇ 'ਚ, ਪੜ੍ਹੋ ਗੈਂਗਸਟਰ ਗੋਲਡੀ ਬਰਾੜ ਦਾ ਪੂਰਾ ਅਪਰਾਧਨਾਮਾ

By  Ravinder Singh December 2nd 2022 07:42 PM -- Updated: December 2nd 2022 07:49 PM

ਚੰਡੀਗੜ੍ਹ : ਵਿਦੇਸ਼ ਵਿਚ ਬੈਠ ਕੇ ਅਪਰਾਧ ਦਾ ਕਾਲਾ ਸਾਮਰਾਜ ਚਲਾਉਣ ਵਾਲਾ ਤੇ ਸੂਬੇ ਵਿਚ ਦਹਿਸ਼ਤ ਫੈਲਾਉਣ ਵਾਲਾ ਗੋਲਡੀ ਬਰਾੜ ਆਖ਼ਰਕਾਰ ਕਾਨੂੰਨ ਦੇ ਸ਼ਿਕੰਜੇ ਵਿਚ ਆ ਗਿਆ ਹੈ। ਉਸ ਨੂੰ ਅਮਰੀਕਾ ਦੇ California ਵਿਚ ਡਿਟੇਨ ਕਰ ਲਿਆ ਗਿਆ ਹੈ। ਗੋਲਡੀ ਬਰਾੜ ਤੋਂ ਇਲਾਵਾ ਮੂਸੇਵਾਲਾ ਦੇ 2 ਹੋਰ ਗੁਨਾਹਗਾਰ ਵੀ ਪੁਲਿਸ ਅੜਿੱਕੇ ਚੜ੍ਹ ਗਏ ਹਨ। ਗੋਲਡੀ ਬਰਾੜ ਨੂੰ ਕੈਲੀਫੋਨੀਆ ਤੋਂ ਅਨਮੋਲ ਬਿਸ਼ਨੋਈ ਨੂੰ ਕੀਨੀਆ  ਤੇ ਸਚਿਨ ਥਾਪਨ ਨੂੰ ਅਜ਼ਰਬਾਇਜਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 



 ਇਸ ਖ਼ਾਸ ਰਿਪੋਰਟ ਰਾਹੀਂ ਗੋਲਡੀ ਬਰਾੜ ਦੇ ਘਿਨੌਣੇ ਅਪਰਾਧਾਂ ਦਾ  ਕਰਾਂਗੇ ਖ਼ੁਲਾਸਾ : ਸਭ ਤੋਂ ਪਹਿਲਾਂ 28 ਫਰਵਰੀ 2021 ਵਾਲੇ ਦਿਨ ਗੁਰਲਾਲ ਪਹਿਲਵਾਨ ਦਾ ਕਤਲ ਹੋਇਆ ਸੀ। ਉਸ ਤੋਂ ਬਾਅਦ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਤੇ ਸਿਆਸਤਦਾਨ ਸਿੱਧੂ ਮੂਸੇਵਾਲਾ ਨੂੰ ਕਤਲ ਕਰ ਦਿੱਤਾ ਗਿਆ। ਗੋਲਡੀ ਨੇ ਹੀ ਸਭ ਤੋਂ ਪਹਿਲਾ ਫੇਸਬੁੱਕ ਪੋਸਟ ਪਾ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਕਤਲ ਦੀ ਚਹੁੰ ਪਾਸਿਓਂ ਨਿਖੇਧੀ ਕੀਤੀ ਗਈ। ਪੁਲਿਸ ਨੇ ਜਾਂਚ ਆਰੰਭੀ ਤੇ ਇਸ ਪਿੱਛੇ ਤਿਹਾੜ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਨਾਮ ਸਾਹਮਣੇ ਆਇਆ। ਇਸ ਮਗਰੋਂ ਪੁਲਿਸ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਪੰਜਾਬ ਲੈ ਆਈ ਤੇ ਹੁਣ ਗੋਲਡੀ ਬਰਾੜ ਵੀ ਕਾਨੂੰਨ ਦੇ ਸ਼ਿਕੰਜੇ ਵਿਚ ਹੈ। ਸਤਿੰਦਰ ਸਿੰਘ ਉਰਫ਼ ਗੋਲਡੀ ਬਰਾੜ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ। 


ਗੁਰਲਾਲ ਬਰਾੜ ਦੇ ਕਤਲ ਬਦਲੇ ਗੁਰਲਾਲ ਪਹਿਲਵਾਨ ਦਾ ਕਤਲ

ਦਰਅਸਲ ਗੈਂਗਸਟਰ ਗੋਲਡੀ ਬਰਾੜ ਦੇ ਰਿਸ਼ਤੇ ਵਿਚ ਭਰਾ ਲੱਗਦੇ ਗੁਰਲਾਲ ਬਰਾੜ ਦਾ ਚੰਡੀਗੜ੍ਹ ਦੇ ਇਕ ਡਿਸਕ ਵਿਚ 10 ਅਕਤੂਬਰ 2020 ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਲੈਂਦਾ ਹੈ। ਇਸ ਮਗਰੋਂ ਗੁਰਲਾਲ ਬਰਾੜ ਦੀ ਮੌਤ ਦਾ ਬਦਲਾ ਗੋਲਡੀ ਫ਼ਰੀਦਕੋਟ ਦੇ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਨੂੰ ਮੌਤ ਦੇ ਘਾਟ ਉਤਾਰ ਕੇ ਲੈਂਦਾ ਹੈ। ਗੁਰਲਾਲ ਪਹਿਲਵਾਨ ਦੇ ਕਤਲ ਕੇਸ 'ਚ ਗਵਾਹਾਂ ਨੂੰ ਧਮਕਾਉਣ ਦੇ ਇਲਜ਼ਾਮ ਵੀ ਗੋਲਡੀ ਬਰਾੜ ਉਪਰ ਲੱਗਦੇ ਹਨ। ਇਸ ਪਿੱਛੋਂ ਗੁਰਲਾਲ ਪਹਿਲਵਾਨ ਦੀ ਮੌਤ ਦਾ ਬਦਲਾ ਲੈਣ ਲਈ ਬੰਬੀਹਾ ਗਿਰੋਹ ਉਤਾਵਲਾ ਹੋ ਰਿਹਾ ਸੀ।

ਮਿੱਡੂਖੇੜਾ ਦੀ ਹੱਤਿਆ ਮਗਰੋਂ ਸਿੱਧੂ ਮੂਸੇਵਾਲਾ ਦੇ ਨਾਂ ਆਇਆ ਸਾਹਮਣੇ

ਇਸ ਖੂਨੀ ਖੇਡ ਵਿਚ ਵਿੱਕੀ ਮਿੱਡੂਖੇੜਾ ਦਾ ਦਿਨ-ਦਿਹਾੜੇ 2 ਹਮਲਾਵਾਰ ਗੋਲ਼ੀਆਂ ਮਾਰ ਕੇ ਕਤਲ ਕਰ ਦਿੰਦੇ ਹਨ। ਵਿੱਕੀ ਮਿੱਡੂਖੇਡਾ ਨੂੰ ਗੋਲਡੀ ਬਰਾੜ ਆਪਣਾ ਭਰਾ ਮੰਨਦਾ ਸੀ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲਾਨ

ਇਸ ਕਤਲ ਤੋਂ ਬਾਅਦ ਹੀ ਗੁਨਾਹਾਂ ਦੇ ਇਸ ਖ਼ੂਨੀ ਖੇਡ ਵਿਚ ਪਹਿਲੀ ਵਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਵੀ ਸਾਹਮਣੇ ਆਉਂਦਾ ਹੈ। ਦਰਅਸਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਵਿਚ ਸ਼ਗਨਪ੍ਰੀਤ ਸ਼ਾਮਲ ਸੀ। ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ ਤੇ ਗੋਲਡੀ ਦਾ ਇਹ ਮੰਨਣਾ ਸੀ ਕਿ ਸ਼ਗਨਪ੍ਰੀਤ ਆਪ ਇੰਨਾ ਵੱਡਾ ਕੰਮ ਨਹੀਂ ਕਰ ਸਕਦਾ। ਇਸ ਦੇ ਪਿੱਛੇ ਮੂਸੇਵਾਲਾ ਸੀ ਤੇ ਓਹੀ ਸ਼ਗਨਪ੍ਰੀਤ ਨੂੰ ਬਚਾ ਵੀ ਰਿਹਾ ਸੀ।


ਮੂਸੇਵਾਲਾ ਦੇ ਕਤਲ ਦੀ ਘੜੀ ਗਈ ਸਾਜ਼ਿਸ਼

ਇਸ ਤੋਂ ਬਾਅਦ ਗੋਲਡੀ ਬਰਾੜ ਵੱਲੋਂ ਮੂਸੇਵਾਲਾ ਦੀ ਕਤਲ ਦਾ ਪੂਰਾ ਮਾਸਟਰ ਪਲਾਨ ਤਿਆਰ ਕੀਤਾ ਜਾਂਦਾ ਹੈ ਤੇ ਆਖ਼ਰਕਾਰ 29 ਮਈ ਦੇ ਦਿਨ ਮੂਸੇਵਾਲਾ ਦਾ ਕਤਲ ਕਰ ਦਿੱਤਾ ਜਾਂਦਾ ਹੈ। ਕੋਟਕਪੂਰਾ ਵਿਚ ਹੋਏ ਬੇਅਦਬੀ ਮਾਮਲੇ ਵਿਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਦਾ ਸ਼ੂਟਰ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਹਨ ਤੇ ਇਸ ਵਾਰਦਾਤ ਪਿੱਛੇ ਵੀ ਗੋਲਡੀ ਬਰਾੜ ਦੇ ਹੱਥ ਹੋਣ ਦਾ ਖੁਲਾਸਾ ਹੋਇਆ ਸੀ। ਇਸ ਤੋਂ ਇਲਾਵਾ ਗੁਰੂਗ੍ਰਾਮ ਵਿੱਚ ਹੋਏ ਦੂਹਰੇ ਕਤਲ ਦੇ ਮਾਮਲੇ ਵਿੱਚ ਵੀ ਗੋਲਡੀ ਦਾ ਨਾਮ ਸਾਹਮਣੇ ਆਇਆ ਸੀ। ਇਸੇ ਸਾਲ ਇੰਟਰਪੋਲ ਨੇ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। NIA ਵੱਲੋਂ ਵੀ ਗੋਲਡੀ ਬਰਾੜ ਉਪਰ ਇਨਾਮ ਰੱਖਿਆ ਗਿਆ ਸੀ।

Related Post