ਤੁਰਕੀ ਆਫਤ : ਮਲਬੇ ਥੱਲੇ ਦੱਬੀ ਧੀ ਦਾ ਹੱਥ ਫੜੇ ਪਿਓ ਦੀ ਤਸਵੀਰ ਨੇ ਹਰ ਇਕ ਅੱਖ ਕੀਤੀ ਨਮ

By  Ravinder Singh February 10th 2023 03:49 PM -- Updated: February 10th 2023 04:01 PM

ਤੁਰਕੀ : 6 ਫਰਵਰੀ ਨੂੰ ਸ਼ਾਂਤ ਸੁੱਤੇ ਪਏ ਤੁਰਕੀ ਤੇ ਸੀਰੀਆ ਵਾਸੀਆਂ ਨੇ ਕਦੇ ਸੁਪਨਿਆਂ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਸਵੇਰ ਹੁੰਦੇ ਤੱਕ ਕੁਦਰਤੀ ਤ੍ਰਾਸਦੀ ਕਾਰਨ ਮਜ਼ਬੂਤ ਇਮਾਰਤਾਂ ਢਹਿ-ਢੇਰੀਆਂ ਹੋ ਜਾਣਗੀਆਂ ਤੇ ਇਨ੍ਹਾਂ ਥੱਲੇ ਆ ਕੇ ਹਜ਼ਾਰਾਂ ਹੱਸਦੇ-ਖੇਡਦੇ ਘਰ ਤਬਾਹ ਹੋ ਜਾਣਗੇ।  ਇਸ ਕੁਦਰਤੀ ਤ੍ਰਾਸਦੀ ਵਿਚ ਹੁਣ ਤੱਕ 21 ਹਜ਼ਾਰ ਤੋਂ ਵਧ ਜਾਨਾਂ ਚਲੀਆਂ ਗਈਆਂ ਹਨ। ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਪਈਆਂ ਵਿਖਾਈ ਦੇ ਰਹੀਆਂ ਹਨ। ਵੱਡੀਆਂ-ਵੱਡੀਆਂ ਆਲੀਸ਼ਾਨ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢੇਰੀ ਹੋ ਗਈਆਂ।



ਇਸ ਤ੍ਰਾਸਦੀ ਦਰਮਿਆਨ ਤੁਰਕੀ ਅਤੇ ਸੀਰੀਆ ਤੋਂ ਬਹੁਤ ਹੀ ਦਰਦਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਹਰ ਇਕ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਭੂਚਾਲ ਕਾਰਨ ਇਮਾਰਤਾਂ ਦੇ ਮਲਬੇ ਥੱਲੇ ਦਰਦ ਸਸਕੀਆਂ ਲੈ ਰਿਹਾ ਹੈ। ਲਗਭਗ 5 ਦਿਨ ਮਗਰੋਂ ਹੁਣ ਥੱਲੇ ਦੱਬੇ ਲੋਕਾਂ ਦੇ ਬਚਣ ਦੀ ਉਮੀਦ ਬਹੁਤ ਘੱਟ ਪਰ ਫਿਰ ਵੀ ਲੋਕ ਆਪਣੇ ਚਹੇਤਿਆਂ ਦੀ ਆਸ ਵਿਚ ਬੈਠੇ ਹਨ। ਰਾਹਤ ਕਾਰਜ ਜੰਗੀ ਪੱਧਰ ਉਤੇ ਚੱਲ ਰਹੇ ਹਨ ਪਰ ਇਮਾਰਤਾਂ ਇੰਨੀਆਂ ਜ਼ਿਆਦਾ ਢਹਿ ਢੇਰੀ ਹੋ ਚੁੱਕੀਆਂ ਹਨ ਕਿ ਕਈ ਇਲਾਕਿਆਂ ਵਿਚ ਰਾਹਤ ਟੀਮਾਂ ਨਹੀਂਆਂ ਪੁੱਜੀਆਂ।

ਇਸ ਭਿਆਨਕ ਤਬਾਹੀ ਦਰਮਿਆਨ ਅਜਿਹੀ ਇਕ ਤਸਵੀਰ ਸਾਹਮਣੇ ਆਈ ਹੈ। ਇਕ ਪਿਤਾ 15 ਸਾਲਾ ਬੱਚੀ ਦਾ ਹੱਥ ਫੜ ਕੇ ਅੱਖਾਂ ਵਿਚ ਦਰਦ ਲਈ ਬੈਠਾ ਹੈ। ਅੰਕਾਰਾ ਸ਼ਹਿਰ ਵਿਚ ਲੜਕੀ ਦਾ ਸਰੀਰ ਬੁਰੀ ਤਰ੍ਹਾਂ ਮਲਬੇ ਥੱਲੇ ਦੱਬਿਆ ਹੋਇਆ ਤੇ ਸਿਰਫ਼ ਹੱਥ ਹੀ ਵਿਖਾਈ ਦੇ ਰਿਹਾ ਹੈ। ਪਿਤਾ ਆਪਣੀ ਲਾਡਲੀ ਧੀ ਦੇ ਜ਼ਿੰਦਾ ਹੋਣ ਦੀ ਆਸ ਵਿਚ ਉਸ ਦਾ ਹੱਥ ਛੱਡਣ ਲਈ ਤਿਆਰ ਨਹੀਂ।

ਇਹ ਵੀ ਪੜ੍ਹੋ : ਹਾਈ ਕੋਰਟ ਵੱਲੋਂ ਇੰਡੋ-ਕੈਨੇਡੀਅਨ ਟਰਾਂਸਪੋਰਟ ਕੰਪਨੀ ਦੇ ਤਿੰਨ ਪਰਮਿਟ ਬਹਾਲ ਕਰਨ ਦੇ ਹੁਕਮ

ਲੋਕਾਂ ਵੱਲੋਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਪਿਓ ਭੁੱਖਾ-ਪਿਆਸਾ ਉਥੇ ਹੀ ਬੈਠਾ ਅਤੇ ਆਪਣੀ ਬੱਚੀ ਨੂੰ ਬਾਹਰ ਕੱਢਣ ਦੀ ਅਪੀਲ ਕਰ ਰਿਹਾ ਸੀ। ਇਸ ਤਸਵੀਰ ਨੂੰ ਵਿਸ਼ਵ ਦੀਆਂ ਪ੍ਰਮੁੱਖ ਅਖਬਾਰਾਂ ਨੇ ਆਪਣੇ ਪਹਿਲੇ ਪੰਨੇ ਉਤੇ ਛਾਪਿਆ। ਇਸ ਨੂੰ ਦੇਖ ਕੇ ਹਰ ਕੋਈ ਆਪਣੇ ਹੰਝੂ ਨਹੀਂ ਰੋਕ ਸਕਿਆ। ਸੋਸ਼ਲ ਮੀਡੀਆ ਉਤੇ ਇਸ ਤਸਵੀਰ ਨੂੰ ਵੇਖ ਕੇ ਹਰ ਕੋਈ ਕਹਿ ਰਿਹਾ ਹੈ ਕਿ ਤੁਰਕੀ ਤੇ ਸੀਰੀਆ ਕੁਦਰਤੀ ਤ੍ਰਾਸਦੀ ਕਾਰਨ ਕਿੰਨਾ ਦਰਦ ਆਪਣੀ ਅੰਦਰ ਸਮੇਟੀ ਬੈਠਾ ਹੈ। ਹਜ਼ਾਰਾਂ ਲੋਕ ਸਹਾਇਤਾ ਦੀ ਪੇਸ਼ਕਸ਼ ਕਰ ਰਹੇ ਹਨ।


Related Post