ਬਾਈਕ ਸਵਾਰਾਂ ਨੇ ਦੁਕਾਨ ਮਾਲਕ ਤੇ ਗਾਹਕ ਨੂੰ ਲੁੱਟਿਆ, ਹਵਾਈ ਫਾਇਰ ਕਰਦੇ ਫ਼ਰਾਰ ਹੋਏ ਲੁਟੇਰੇ

By  Ravinder Singh January 6th 2023 10:49 AM -- Updated: January 6th 2023 10:50 AM

ਜਲੰਧਰ : ਪੰਜਾਬ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਗ਼ੈਰ ਸਮਾਜਿਕ ਅਨਸਰ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਲੰਧਰ ਦੇ ਥਾਣਾ ਦੋ ਅਧੀਨ ਪੈਂਦੇ ਕਪੂਰਥਲਾ ਚੌਕ ਨੇੜੇ ਗੋਲੀਬਾਰੀ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ।


ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਹਿਲਾਂ ਕਪੂਰਥਲਾ ਚੌਕ ਨੇੜੇ ਪਾਨ, ਸਿਗਰਟ ਬੀੜੀਆਂ ਦੀ ਦੁਕਾਨ 'ਤੇ ਬੈਠੇ ਦੁਕਾਨ ਦੇ ਮਾਲਕ ਅਤੇ ਨੇੜੇ ਖੜ੍ਹੇ ਵਿਅਕਤੀ ਨੂੰ ਬੰਦੂਕ ਜ਼ੋਰ ਉਤੇ ਧਮਕੀਆਂ ਦਿੱਤੀਆਂ ਅਤੇ ਫਿਰ ਹਵਾ 'ਚ ਗੋਲੀ ਚਲਾ ਕੇ ਉਨ੍ਹਾਂ ਕੋਲੋਂ ਪੈਸੇ ਖੋਹ ਲਏ।

ਦੁਕਾਨ ਦੇ ਮਾਲਕ ਅਕਰਮ ਨੇ ਦੱਸਿਆ ਕਿ ਉਹ ਦੁਕਾਨ ਉਪਰ ਬੈਠਾ ਸੀ ਕਿ ਇਸੇ ਦੌਰਾਨ 3 ਮੋਟਰਸਾਈਕਲ ਸਵਾਰ ਲੁਟੇਰੇ ਉਸ ਕੋਲ ਆਏ ਅਤੇ ਪਹਿਲਾਂ ਉਸ ਨੂੰ ਕਹਿਣ ਲੱਗੇ ਕਿ ਤੇਰੇ ਕੋਲ ਗਾਂਜਾ ਹੈ ਅਤੇ ਬਾਅਦ 'ਚ ਉਸ ਨੂੰ ਡਰਾ ਕੇ ਹਵਾ 'ਚ ਗੋਲੀਆਂ ਚਲਾ ਦਿੱਤੀਆਂ। ਉਸ ਕੋਲੋਂ 3000 ਰੁਪਏ ਲੈ ਲਏ ਅਤੇ ਕੋਲ ਖੜ੍ਹੇ ਵਿਅਕਤੀ ਕੋਲੋਂ ਕੁਝ ਪੈਸੇ ਲੈ ਕੇ ਉਥੋਂ ਫਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਲੁਟੇਰਿਆਂ ਦੇ ਮੋਟਰਸਾਈਕਲ ਉਤੇ ਨੰਬਰ ਪਲੇਟ ਨਹੀਂ ਲੱਗੀ ਸੀ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ 24 ਘੰਟੇ ਫਸੇ ਰਹੇ ਮੁਸਾਫ਼ਰ, 150 ਯਾਤਰੀਆਂ ਵੱਲੋਂ ਹੰਗਾਮਾ

ਫਾਇਰਿੰਗ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਉਥੇ ਮੌਜੂਦ ਲੋਕਾਂ ਨੇ ਫਾਇਰਿੰਗ ਦੀ ਸੂਚਨਾ ਸਬੰਧਤ ਥਾਣੇ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਥਾਣਾ 2 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਾਇਰਿੰਗ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਗਾਉਣ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਫਾਇਰਿੰਗ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਗੋਲੀ ਦਾ ਖੋਲ ਵੀ ਬਰਾਮਦ ਹੋਇਆ ਹੈ।  ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦੀ ਹੀ ਅਪਰਾਧੀਆਂ ਨੂੰ ਹੀ ਫੜ ਲਿਆ ਜਾਵੇਗਾ।

Related Post