ਅਖੌਤੀ ਬਾਬੇ ਨੇ ਭੂਤ-ਪ੍ਰੇਤ ਦਾ ਡਰ ਪਾ ਕੇ ਪਰਿਵਾਰ ਤੋਂ 25 ਲੱਖ ਰੁਪਏ ਠੱਗੇ

By  Ravinder Singh November 5th 2022 04:58 PM

ਗੜ੍ਹਸ਼ੰਕਰ : ਗੜ੍ਹਸ਼ੰਕਰ ਦੇ ਪਿੰਡ ਚੌਹੜਾ ਵਿਖੇ ਅਖੌਤੀ ਬਾਬੇ ਵੱਲੋਂ ਪਰਿਵਾਰ ਨੂੰ ਭੂਤਾਂ ਪ੍ਰੇਤਾਂ ਦਾ ਡਰ ਪਾ ਕੇ ਅਤੇ ਲੜਕੀ ਦਾ ਵਿਆਹ ਕਰਨ ਦਾ ਡਰਾਮਾ ਰਚਕੇ ਲਗਭਗ 25 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਗੁਰਦੇਵ ਕੌਰ ਪਤਨੀ ਰਾਜ ਕੁਮਾਰ ਪਿੰਡ ਚੌਹੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਬਾਬਾ ਦਿਲਵਰ ਰਾਮ ਪੁੱਤਰ ਗੁਰਬਚਨ ਸਿੰਘ ਉਨ੍ਹਾਂ ਦੇ ਸੰਪਰਕ ਵਿੱਚ ਆਇਆ, ਜਿਸ ਨੇ ਉਨ੍ਹਾਂ ਦੇ ਘਰ 'ਚ ਭੂਤਾਂ ਪ੍ਰੇਤਾਂ ਦਾ ਵਾਸ ਦੱਸਕੇ ਪਰਿਵਾਰ ਨੂੰ ਮਾਨਸਿਕ ਤੌਰ ਉਤੇ ਡਰਾ ਦਿੱਤਾ। ਉਨ੍ਹਾਂ ਦੱਸਿਆ ਕਿ ਦਿਲਵਰ ਬਾਬੇ ਨੇ ਉਪਾਅ ਕਰਨ ਲਈ ਘਰ 'ਚ ਪੂਜਾ ਪਾਠ ਤੇ ਕਈ ਤਰ੍ਹਾਂ ਦੇ ਪਾਖੰਡ ਕਰਕੇ ਲੱਖਾਂ ਰੁਪਏ ਠੱਗ ਲਏ।


ਗੁਰਦੇਵ ਕੌਰ ਨੇ ਦੱਸਿਆ ਕਿ ਉਹ ਪਿੰਡ ਚੌਹੜਾ ਵਿਖੇ ਪਿਛਲੇ ਕੁੱਝ ਮਹੀਨਿਆਂ ਤੋਂ ਰਹਿ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਪਿੰਡ ਵਿੱਚ ਜਾਣ ਪਛਾਣ ਘੱਟ ਹੈ। ਗੁਰਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ 6 ਲੜਕੀਆਂ ਅਤੇ 2 ਲੜਕੇ ਹਨ ਅਤੇ  ਪਤੀ ਸਰਕਾਰੀ ਨੌਕਰੀ ਤੋਂ ਰਿਟਾਇਰਡ ਹਨ ਅਤੇ ਅਪਾਹਿਜ ਹਨ। ਉਨ੍ਹਾਂ ਨੂੰ  ਤੁਰਨ ਫ਼ਿਰਨ ਅਤੇ ਬੋਲਣ ਵਿੱਚ ਵੀ ਦਿੱਕਤ ਹੈ। ਗੁਰਦੇਵ ਕੌਰ ਨੇ ਦੱਸਿਆ ਕਿ ਬਾਬਾ ਦਿਲਬਰ ਨੇ ਉਨ੍ਹਾਂ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਲਿਆ ਅਤੇ ਉਨ੍ਹਾਂ ਦੀ ਲੜਕੀ ਸੋਨੀਆ ਦਾ ਰਿਸ਼ਤਾ ਪ੍ਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਲੁਧਿਆਣਾ ਨਾਲ ਕਰਵਾਇਆ ਅਤੇ ਉਨ੍ਹਾਂ ਵਿਆਹ ਤੋਂ ਬਾਅਦ 25 ਤੋਂ 30 ਲੱਖ ਖ਼ਰਚਾ ਕਰਕੇ ਲੜਕੀ ਨੂੰ ਵਿਦੇਸ਼ ਲੈ ਕੇ ਜਾਣ ਦੀ ਗੱਲ ਤੈਅ ਕੀਤੀ। ਉਨ੍ਹਾਂ ਦੱਸਿਆ ਕਿ ਬਾਬਾ ਦਿਲਬਰ ਨੇ ਲੜਕੀ ਦਾ ਵਿਆਹ ਉਨ੍ਹਾਂ ਦੇ ਡੇਰੇ ਕਰਨ ਦੀ ਗੱਲ ਕਹੀ ਅਤੇ ਵਿਆਹ ਦਾ ਸਾਰਾ ਪ੍ਰਬੰਧ ਖ਼ੁਦ ਕਰਨ ਦੀ ਗੱਲ ਕਹੀ ਜਿਸ ਲਈ ਉਹ ਪਰਿਵਾਰ ਤੋਂ ਪੈਸੇ ਲੈਂਦਾ ਰਿਹਾ। ਪੀੜਤ ਪਰਿਵਾਰ ਨੇ ਦੱਸਿਆ ਕਿ ਵਿਆਹ ਵਾਲੇ ਦਿਨ ਉਨ੍ਹਾਂ ਵੱਲੋਂ ਬਾਬੇ ਦੇ ਡੇਰੇ ਸਾਰਾ ਪ੍ਰਬੰਧ ਕੀਤਾ ਗਿਆ ਸੀ ਅਤੇ ਲੜਕਾ ਵਿਆਹ 'ਚ ਬਿਨਾਂ ਤਿਆਰੀ ਤੋਂ ਆ ਗਿਆ ਅਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਲਖਬੀਰ ਲੰਡਾ ਗਰੁੱਪ ਨੇ ਲਈ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ

ਉਨ੍ਹਾਂ ਦੱਸਿਆ ਕਿ ਵਿਆਹ ਵਿੱਚ ਲੜਕੇ ਨੂੰ ਵਾਰ-ਵਾਰ ਮਨਾਉਣ ਉਤੇ ਤਿਆਰ ਤਾਂ ਹੋ ਗਿਆ ਪਰ ਰਸਮਾਂ ਦੌਰਾਨ ਉਨ੍ਹਾਂ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਇਸਤੋਂ ਬਾਅਦ ਬਾਬਾ ਦਿਲਬਰ ਲਾੜੇ ਨੂੰ ਲੈਕੇ ਫ਼ਰਾਰ ਹੋ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਦਿਲਵਰ ਬਾਬੇ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਡਰਾਇਆ ਜਾ ਰਿਹਾ ਹੈ। ਹੁਣ ਪੀੜਤ ਪਰਿਵਾਰ ਬਾਬਾ ਦਿਲਬਰ ਤੇ ਲਾੜਾ ਪ੍ਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਦੂਜੇ ਪਾਸੇ ਦਿਲਬਰ ਬਾਬਾ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਗ਼ਲਤ ਦੱਸ ਰਿਹਾ ਹੈ। ਇਸ ਸਬੰਧ ਦੇ ਵਿੱਚ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post