ਭ੍ਰਿਸ਼ਟਾਚਾਰ ਦੇ ਮੁਕੰਮਲ ਖ਼ਾਤਮੇ ਲਈ ਸਮਾਜ ਦਾ ਸਹਿਯੋਗ ਜ਼ਰੂਰੀ : ਜੇ. ਇਲਨਚੇਲੀਅਨ

By  Ravinder Singh November 2nd 2022 05:44 PM

ਬਠਿੰਡਾ : ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਇੱਥੇ ਬੁੱਧਵਾਰ ਨੂੰ ਕਰਵਾਏ ਗਏ ਭ੍ਰਿਸ਼ਟਾਚਾਰ ਵਿਰੁੱਧ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜ਼ੀਰੋ ਟਾਰਲੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ ਪਰ ਫਿਰ ਵੀ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਾਤਮ ਕਰਨ ਲਈ ਸਮਾਜ ਦਾ ਸਹਿਯੋਗ ਜ਼ਰੂਰੀ ਹੈ। ਜੇ. ਇਲਨਚੇਲੀਅਨ ਨੇ ਇੱਥੇ ਸਰਕਾਰੀ ਰਾਜਿੰਦਰਾ ਕਾਲਜ ਦੇ ਆਡੀਟੋਰੀਅਮ ਵਿਚ ਵਿਜੀਲੈਂਸ ਬਿਊਰੋ ਵੱਲੋਂ ਮਨਾਏ ਜਾ ਰਹੇ ਸਾਲਾਨਾ ਜਾਗਰੂਕਤਾ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਦਾ ਮੁੱਖ ਮੰਤਵ ਭ੍ਰਿਸ਼ਟਾਚਾਰ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਇਸ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾ ਸਕੇ।


ਉਨ੍ਹਾਂ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਭਾਰਤ-ਵਿਕਸਿਤ ਭਾਰਤ ਮੁਹਿੰਮ ਦਾ ਹਿੱਸਾ ਬਣਨ ਤੇ ਇਸ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਦੌਰਾਨ ਵਿਜੀਲੈਂਸ ਬਿਊਰੋ ਦੇ ਐਸਐਸਪੀ ਹਰਪਾਲ ਸਿੰਘ ਨੇ ਵਿਜੀਲੈਂਸ ਬਿਊਰੋ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਬਿਊਰੋ ਦਾ ਮੁੱਖ ਟੀਚਾ ਵੱਖ-ਵੱਖ ਵਿਭਾਗਾਂ ਦੀ ਮਦਦ ਕਰਨਾ ਹੈ ਤਾਂ ਕਿ ਉਹ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਫੌਰੀ ਕਾਰਵਾਈ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਰਿਸ਼ਵਤ ਦੇਣਾ ਤੇ ਰਿਸ਼ਵਤ ਲੈਣਾ ਦੋਵੇਂ ਹੀ ਗੈਰਕਾਨੂੰਨੀ ਹਨ।ਐਸਐਸਪੀ ਵਿਜੀਲੈਂਸ ਬਿਊਰੋ ਨੇ ਇਹ ਵੀ ਕਿਹਾ ਕਿ ਬਿਊਰੋ ਵੱਲੋਂ ਜਨ ਸੇਵਕਾਂ ਵਿਰੁੱਧ ਜਿੱਥੇ ਲੋੜੀਂਦਾ ਹੋਵੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਵਿੱਚ ਦਰਸਾਏ ਅਨੁਸਾਰ ਦੋਸ਼ਾਂ ਦੀ ਤਫ਼ਤੀਸ ਕਰਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਿਊਰੋ ਵੱਲੋਂ ਜਨ ਸੇਵਕ ਨੂੰ ਰਿਸ਼ਵਤ ਲੈਂਦੇ ਹੋਏ ਫੜ੍ਹਨ ਲਈ ਟਰੈਕ ਤੇ ਰੇਡ ਵੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਗਬਨ ਧੋਖੇ ਆਦਿ ਦੇ ਵਧ ਰਹੇ ਅੰਕੜਿਆਂ ਨੂੰ ਵੀ ਚੈਕ ਕੀਤਾ ਜਾਂਦਾ ਹੈ। 

ਇਸ ਤੋਂ ਪਹਿਲਾਂ ਸਰਕਾਰੀ ਰਾਜਿੰਦਰਾ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਤੇ ਡਾ. ਮਨੋਨੀਤ ਖੇੜਾ ਅਤੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਸਮਸ਼ੇਰ ਸਿੰਘ ਵੱਲੋਂ ਵੀ ਆਪੋ-ਆਪਣੇ ਸੰਬੋਧਨ ਦੌਰਾਨ ਵੀ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਸਰਕਾਰੀ ਰਾਜਿੰਦਰਾ ਕਾਲਜ ਦੇ ਬੀ.ਏ. ਭਾਗ ਦੂਜਾ ਦੇ ਹੋਣਹਾਰ ਵਿਦਿਆਰਥੀਆਂ ਅਮਨਪ੍ਰੀਤ ਕੌਰ ਅਤੇ ਸਾਹਿਲ ਗਰਗ ਵੱਲੋਂ ਵੀ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਕਵਿਤਾਵਾਂ ਸੁਣਾਈਆਂ ਗਈਆਂ। ਇਸ ਦੌਰਾਨ ਮੁੱਖ ਮਹਿਮਾਨ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਵਿੱਤ ਵਿਭਾਗ ਦਾ ਵਿਭਾਗਾਂ ਨੂੰ ਫ਼ਰਮਾਨ: ਆਮਦਨ ਦਾ ਟੀਚਾ ਪੂਰਾ ਨਾ ਹੋਇਆ ਅਧਿਕਾਰੀਆਂ 'ਤੇ ਗਿਰੇਗੀ ਗਾਜ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ, ਸਰਕਾਰੀ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਸੁਰਜੀਤ ਸਿੰਘ, ਡੀ.ਐਸ.ਪੀ. ਬਠਿੰਡਾ ਰੇਂਜ ਸੰਦੀਪ ਸਿੰਘ ਚਹਿਲ, ਡੀ.ਐਸ.ਪੀ. ਵਿਜੀਲੈਂਸ ਯੂਨਿਟ ਬਠਿੰਡਾ ਪੁਨੀਤ ਸਿੰਘ ਚਹਿਲ, ਡੀ.ਐਸ.ਪੀ. ਕੁਲਦੀਪ ਸਿੰਘ ਭੁੱਲਰ, ਡੀ.ਐਸ.ਪੀ. ਵਿਸ਼ਵਜੀਤ ਸਿੰਘ, ਡੀ.ਐਸ.ਪੀ. ਮੈਡਮ ਹੀਨਾ ਗੁਪਤਾ, ਐਸ.ਐਚ.ਓ ਕੋਤਵਾਲੀ  ਪਰਮਿੰਦਰ ਕੁਮਾਰ, ਐਸ.ਐਚ.ਓ ਸਿਵਲ ਲਾਈਨ ਯਾਦਵਿੰਦਰ ਸਿੰਘ, ਐਸ.ਐਚ.ਓ ਥਰਮਲ ਹਰਜੀਤ ਸਿੰਘ ਆਦਿ ਤੋਂ ਇਲਾਵਾ ਕਾਲਜ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।


Related Post