ਔਰਤਾਂ ਨੇ ਬੈਂਕ ਚ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ, 1 ਲੱਖ ਰੁਪਏ ਦੀ ਨਗਦੀ ਲੈ ਕੇ ਫ਼ਰਾਰ

By  Shameela Khan October 4th 2023 12:11 PM -- Updated: October 4th 2023 12:51 PM

ਗੜ੍ਹਦੀਵਾਲਾ : ਹੁਸ਼ਿਆਰਪੁਰ ਦੇ ਪਿੰਡ ਗੜ੍ਹਦੀਵਾਲਾ ਵਿੱਖੇ ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ ਦਿਹਾੜੇ ਦੋ ਅਣਪਛਾਤੀਆਂ ਔਰਤਾਂ ਵਲੋਂ ਇੱਕ ਬਜ਼ੁਰਗ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਕੋਲੋਂ 1 ਲੱਖ ਰੁਪਏ ਦੀ ਨਕਦੀ 'ਤੇ ਹੱਥ ਸਾਫ਼ ਕਰਕੇ ਫ਼ਰਾਰ ਹੋ ਗਈਆਂ। ਇਨ੍ਹਾਂ ਔਰਤਾਂ ਨੇ ਵਾਰਦਾਤ ਨੂੰ ਉਸ ਸਮੇਂ  ਅੰਜਾਮ ਦਿੱਤਾ ਜਦੋਂ ਬੈਂਕ 'ਚ ਕਾਫ਼ੀ ਭੀੜ ਸੀ ਅਤੇ ਬਜ਼ੁਰਗ ਵਿਅਕਤੀ ਕੈਸ਼ ਕਾਊਂਟਰ ਤੋਂ ਇੱਕ ਲੱਖ ਰੁਪਏ ਕਢਵਾ ਕੇ ਪਾਲੀਥੀਨ 'ਚ ਪਾ ਕੇ ਬੈਂਕ ਦੇ ਦੂਜੇ ਕਾਊਂਟਰ 'ਤੇ ਐਂਟਰੀ ਕਰਵਾ ਰਿਹਾ ਸੀ। 


ਔਰਤਾਂ ਨੇ ਬਜ਼ੁਰਗ ਦੇ ਹੱਥ 'ਚ ਫੜੇ ਰੁਪਇਆਂ ਦੇ ਲਿਫ਼ਾਫ਼ੇ ਨੂੰ ਬੜੀ ਹੁਸ਼ਿਆਰੀ ਨਾਲ ਬਲੇਡ ਨਾਲ ਕੱਟਕੇ  ਉਸ 'ਚੋਂ ਇਕ ਲੱਖ ਰੁਪਏ ਲੈ ਕੇ ਭੱਜ ਗਈਆ।  ਇਸ ਘਟਨਾ ਤੋਂ ਬਾਅਦ ਬੈਂਕ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਬੈਂਕ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ  ਇਨ੍ਹਾਂ ਔਰਤਾਂ ਦੀਆਂ ਤਸਵੀਰਾਂ ਕੈਦ ਹੋਈਆ ਹਨ। 

ਘਟਨਾ ਦੇ ਸਮੇਂ ਬੈਂਕ 'ਚ ਕੋਈ ਵੀ ਗਾਰਡ ਮੌਜੂਦ ਨਹੀਂ ਸੀ। ਇਸ ਸਬੰਧੀ ਸੇਵਾ ਮੁਕਤ ਅਧਿਆਪਕ ਗੁਰਮੀਤ ਸਿੰਘ ਨਿਵਾਸੀ ਜੈਨ ਕਲੌਨੀ ਵਾਰਡ ਨੰਬਰ 1 ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਪੰਜਾਬ ਨੈਸ਼ਨਲ ਬੈਂਕ ਵਿੱਚ 1 ਲੱਖ ਰੁਪਏ ਕਢਵਾਉਣ ਗਿਆ ਸੀ।  ਉਸ ਨੇ ਦੱਸਿਆ ਕਿ ਕੈਸ਼ ਕਾਊਂਟਰ ਤੋਂ ਪੈਸੇ ਕਢਵਾਉਣ ਤੋਂ ਬਾਅਦ ਜਦੋਂ ਉਹ ਦੂਜੇ ਕਾਊਂਟਰ 'ਤੇ ਬੈਂਕ ਦੀ ਕਾਪੀ 'ਤੇ ਐਂਟਰੀ ਕਰਕੇ ਬਾਹਰ ਆਇਆ ਤਾਂ ਉਸਦਾ ਲਿਫ਼ਾਫ਼ਾ ਕੱਟਿਆ ਹੋਇਆ ਸੀ ਅਤੇ ਉਸ 'ਚੋਂ ਇਕ ਲੱਖ ਰੁਪਏ ਦੀ ਨਕਦੀ ਗਾਇਬ ਸੀ।

ਜਿਸ ਦੀ ਸੂਚਨਾ ਤੁਰੰਤ ਉਸ ਵਲੋਂ ਬੈਂਕ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਐੱਸ.ਐੱਚ.ਓ ਮਲਕੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਬੈਂਕ ਅਧਿਕਾਰੀਆਂ ਨਾਲ ਸੀ.ਸੀ.ਟੀ.ਵੀ ਕੈਮਰੇ ਦੀ ਜਾਂਚ ਕੀਤੀ ਤਾਂ ਕੈਮਰੇ ਵਿੱਚ ਜਦੋਂ ਗੁਰਮੀਤ ਸਿੰਘ ਕਾਊਂਟਰ 'ਤੇ ਆਪਣੀ ਕਾਪੀ 'ਤੇ ਐਂਟਰੀ ਕਰ ਰਿਹਾ ਸੀ ਤਾਂ ਇੱਕ ਔਰਤ ਬਜ਼ੁਰਗ ਗੁਰਮੀਤ ਸਿੰਘ ਦੇ ਲਾਗੇ ਅਤੇ ਦੂਜੀ ਔਰਤ ਪੀਛੇ ਖੜੀ ਦਿਖਾਈ ਦੇ ਰਹੀ ਹੈ। 

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੈਂਕ ਤੋਂ ਬਾਹਰ ਨਿਕਲਦੇ ਸਮੇਂ ਇਨ੍ਹਾਂ ਮਹਿਲਾਵਾਂ ਦੀ ਤੇਜ਼ੀ ਨਾਲ ਭੱਜਦਿਆਂ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਸਨ। ਇਸ ਸਬੰਧੀ ਐੱਸ.ਐੱਚ.ਓ ਮਲਕੀਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਫ਼ ਹੁੰਦੀ ਹੈ ਕਿ ਇਸ ਘਟਨਾ ਨੂੰ ਕੈਮਰੇ ਵਿੱਚ ਕੈਦ ਔਰਤਾਂ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ।  ਜਿਨ੍ਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। 

Related Post