ਫਤਿਹਗੜ੍ਹ ਚੂੜੀਆਂ-ਸੰਗਤਪੁਰਾ ਰੋਡ ‘ਤੇ ਦਰਦਨਾਕ ਸੜਕ ਹਾਦਸਾ, ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ
Punjab News: ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਨੂੰ ਜਾਂਦੇ ਸਮੇਂ ਕੋਟਲਾ ਗੁਜਰਾਂ ਤੇ ਸੰਗਤਪੁਰਾ ਦੇ ਵਿਚਕਾਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਝੰਝੋੜ ਕੇ ਰੱਖ ਦਿੱਤਾ।
Punjab News: ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਨੂੰ ਜਾਂਦੇ ਸਮੇਂ ਕੋਟਲਾ ਗੁਜਰਾਂ ਤੇ ਸੰਗਤਪੁਰਾ ਦੇ ਵਿਚਕਾਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਝੰਝੋੜ ਕੇ ਰੱਖ ਦਿੱਤਾ। ਤੇਜ਼ ਰਫ਼ਤਾਰ ਇੰਡੀਕਾ ਕਾਰ ਵੱਲੋਂ ਮੋਟਰਸਾਈਕਲ ਨੂੰ ਮਾਰੀ ਗਈ ਜ਼ਬਰਦਸਤ ਟੱਕਰ ‘ਚ ਇੱਕੋ ਪਿੰਡ ਹਰਦੋਰਵਾਲ ਕਲਾਂ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਦੀਪ ਸਿੰਘ, ਜਗਤਾਰ ਸਿੰਘ ਤੇ ਸੰਦੀਪ ਮਸੀਹ ਵਜੋਂ ਦੱਸੀ ਗਈ ਹੈ। ਤਿੰਨਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਿੰਡ ਵਾਸੀਆਂ ਅਤੇ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਤਿੰਨੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਇੰਡੀਕਾ ਕਾਰ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਸੰਦੀਪ ਮਸੀਹ ਨੂੰ ਪਹਿਲਾਂ ਫਤਿਹਗੜ੍ਹ ਚੂੜੀਆਂ ਦੇ ਢੀਂਡਸਾ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ, ਪਰ ਰਸਤੇ ‘ਚ ਹੀ ਉਸ ਨੇ ਦਮ ਤੋੜ ਦਿੱਤਾ।
ਮੌਕੇ ਤੇ ਮੌਜੂਦ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਹਾਦਸੇ ਤੋਂ ਬਾਅਦ ਕਾਰ ‘ਚ ਸਵਾਰ ਦੋ ਵਿਅਕਤੀ, ਇੱਕ ਔਰਤ ਤੇ ਇੱਕ ਬੱਚਾ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਇਹ ਵੀ ਦੱਸਿਆ ਕਿ ਕਾਰ ‘ਚੋਂ ਕੁਝ ਸ਼ੱਕੀ ਸਮਾਨ ਮਿਲਿਆ, ਜਿਸ ‘ਚ ਸਿਲਵਰ ਪੇਪਰ, ਸੜਿਆ ਹੋਇਆ ਨੋਟ ਤੇ ਇੱਕ ਕਿਰਪਾਨ ਸ਼ਾਮਲ ਹੋਣ ਦੀ ਗੱਲ ਕਹੀ ਗਈ। ਹਾਲਾਂਕਿ ਇਸ ਸਮਾਨ ਦੀ ਅਸਲ ਸਥਿਤੀ ਤੇ ਇਸ ਦਾ ਹਾਦਸੇ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਹ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਪਿੰਡ ਵਾਸੀਆਂ ਨੇ ਇੱਕ ਹੋਰ ਗੰਭੀਰ ਇਲਜ਼ਾਮ ਲਗਾਇਆ ਕਿ ਹਾਦਸੇ ਤੋਂ ਬਾਅਦ ਕਾਰ ਸਵਾਰਾਂ ਨੇ ਮ੍ਰਿਤਕ ਨੌਜਵਾਨਾਂ ਦੇ ਮੋਬਾਈਲ ਫੋਨ ਵੀ ਚੁੱਕ ਲਏ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਅਨੁਸਾਰ ਕਾਰ ਸਵਾਰਾਂ ਨੇ ਹਾਦਸੇ ਤੋਂ ਬਾਅਦ ਰੁਕ ਕੇ ਜ਼ਖ਼ਮੀਆਂ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਭੱਜਣ ਨੂੰ ਤਰਜੀਹ ਦਿੱਤੀ। ਇਨ੍ਹਾਂ ਇਲਜ਼ਾਮਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਥਾਣਿਆਂ ਦੀ ਹੱਦ ਨੂੰ ਲੈ ਕੇ ਸਥਿਤੀ ਅਸਪੱਸ਼ਟ
ਹਾਦਸੇ ਤੋਂ ਬਾਅਦ ਥਾਣਾ ਝੰਡੇਰ ਤੇ ਥਾਣਾ ਮਜੀਠਾ ਦੀ ਹੱਦ ਨੂੰ ਲੈ ਕੇ ਵੀ ਕਾਫ਼ੀ ਸਮੇਂ ਤੱਕ ਸਥਿਤੀ ਸਪੱਸ਼ਟ ਨਾ ਹੋਣ ਕਾਰਨ ਪਿੰਡ ਵਾਸੀਆਂ ‘ਚ ਰੋਸ ਪੈਦਾ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਪੁਲਿਸ ਤੇ ਐਮਰਜੈਂਸੀ ਸੇਵਾ ਨੂੰ ਸੂਚਨਾ ਦੇਣ ਦੇ ਬਾਵਜੂਦ ਕਾਫ਼ੀ ਸਮੇਂ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਵੀ ਇਹ ਕਿਹਾ ਗਿਆ ਕਿ ਹਾਦਸਾ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ। ਇਸ ਕਾਰਨ ਲਾਸ਼ਾਂ ਕਾਫ਼ੀ ਸਮੇਂ ਤੱਕ ਸੜਕ ਤੇ ਹੀ ਪਈਆਂ ਰਹੀਆਂ।
ਪਿੰਡ ਵਾਸੀਆਂ ਨੇ ਪੁਲਿਸ ਦੀ ਇਸ ਦੇਰੀ ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਹਾਦਸੇ ਤੋਂ ਬਾਅਦ ਸਭ ਤੋਂ ਪਹਿਲੀ ਤਰਜੀਹ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਤੇ ਮ੍ਰਿਤਕਾਂ ਨੂੰ ਸਨਮਾਨ ਨਾਲ ਹਸਪਤਾਲ ਪਹੁੰਚਾਉਣ ਦੀ ਹੋਣੀ ਚਾਹੀਦੀ ਹੈ। ਹੱਦਬੰਦੀ ਨੂੰ ਲੈ ਕੇ ਹੋਈ ਦੇਰੀ ਨੇ ਲੋਕਾਂ ਦਾ ਗੁੱਸਾ ਹੋਰ ਵਧਾ ਦਿੱਤਾ।
ਬਾਅਦ ‘ਚ ਥਾਣਾ ਝੰਡੇਰ ਦੇ ਐਸਐਚਓ ਨਰੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਫ਼ਰਾਰ ਕਾਰ ਸਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਦਰਦਨਾਕ ਹਾਦਸੇ ਨੇ ਹਰਦੋਰਵਾਲ ਕਲਾਂ ਸਮੇਤ ਆਸ-ਪਾਸ ਦੇ ਪਿੰਡਾਂ ਨੂੰ ਗਮ ‘ਚ ਡੁਬੋ ਦਿੱਤਾ ਹੈ। ਪਿੰਡ ਵਾਸੀਆਂ ਅਨੁਸਾਰ ਤਿੰਨੇ ਨੌਜਵਾਨ ਆਪਣਾ ਵਪਾਰਕ ਕੰਮ ਕਰਦੇ ਸਨ ਤੇ ਪਰਿਵਾਰਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਤਿੰਨ ਨੌਜਵਾਨਾਂ ਦੀ ਇਕੱਠੇ ਹੋਈ ਮੌਤ ਨਾਲ ਤਿੰਨ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਹੁਣ ਪਰਿਵਾਰ ਤੇ ਪਿੰਡ ਵਾਸੀ ਪੁਲਿਸ ਤੋਂ ਮੰਗ ਕਰ ਰਹੇ ਹਨ ਕਿ ਹਾਦਸੇ ਲਈ ਜ਼ਿੰਮੇਵਾਰ ਕਾਰ ਸਵਾਰਾਂ ਨੂੰ ਜਲਦ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।