Gurudwara Guru Nanak : ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ਚ ਨੌਜਵਾਨ ਨੇ ਸੁੱਟਿਆ ਮਾਸ, ਪੁਲਿਸ ਨੇ CCTV ਰਾਹੀਂ ਫੜਿਆ ਮੁਲਜ਼ਮ

Gurudwara Guru Nanak : ਬ੍ਰਿਟਿਸ਼ ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ 42 ਸਾਲਾ ਟੋਮਾਜ਼ ਬਰੂਚ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਣਬੁੱਝ ਕੇ ਅਜਿਹਾ ਕੀਤਾ।

By  KRISHAN KUMAR SHARMA January 17th 2026 04:14 PM -- Updated: January 17th 2026 04:30 PM

Gurudwara Guru Nanak : ਯੂਕੇ ਦੇ ਵੈਸਟ ਬ੍ਰੋਮਵਿਚ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਮਾਸ ਦਾ ਟੁਕੜਾ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਬ੍ਰਿਟਿਸ਼ ਪੁਲਿਸ (UK Police) ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ 42 ਸਾਲਾ ਟੋਮਾਜ਼ ਬਰੂਚ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਣਬੁੱਝ ਕੇ ਅਜਿਹਾ ਕੀਤਾ।

ਸੰਸਦ 'ਚ ਚੁੱਕਿਆ ਗਿਆ ਸੀ ਮੁੱਦਾ

ਦਰਅਸਲ, ਵੈਸਟ ਬ੍ਰੋਮਵਿਚ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਸਾਰਾਹ ਕੂੰਬਸ (MP Sarah Coombs) ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਉਸਨੇ ਬ੍ਰਿਟਿਸ਼ ਸੰਸਦ ਵਿੱਚ ਕਿਹਾ ਕਿ ਮੁਲਜ਼ਮ ਨੇ ਜਾਣਬੁੱਝ ਕੇ ਨਫ਼ਰਤੀ ਅਪਰਾਧ ਕੀਤਾ ਹੈ। ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਸੀਸੀਟੀਵੀ ਦੀ ਮਦਦ ਨਾਲ ਉਸਦੀ ਪਛਾਣ ਕਰਨ ਤੋਂ ਬਾਅਦ ਟਾਮਜ਼ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਅਨੁਸਾਰ, 42 ਸਾਲਾ ਟੋਮਾਸਜ਼ ਬਰੂਚ 'ਤੇ ਗੁਰਦੁਆਰੇ ਦੇ ਬਾਹਰ ਜਾਣਬੁੱਝ ਕੇ ਕੱਚਾ ਮਾਸ ਸੁੱਟਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਆਰੋਪ ਲਗਾਇਆ ਗਿਆ ਹੈ। ਇਸ ਕਾਰਵਾਈ ਨੂੰ ਸਿੱਖ ਧਰਮ ਦੇ ਵਿਰੁੱਧ ਮੰਨਿਆ ਜਾਂਦਾ ਹੈ ਅਤੇ ਪੁਲਿਸ ਇਸਨੂੰ ਨਫ਼ਰਤੀ ਅਪਰਾਧ ਵਜੋਂ ਮੰਨ ਰਹੀ ਹੈ। ਪੁਲਿਸ ਰਿਕਾਰਡ ਅਨੁਸਾਰ, ਮੁਲਜ਼ਮ ਦਾ ਕੋਈ ਸਥਾਈ ਪਤਾ ਨਹੀਂ ਹੈ। ਬ੍ਰਿਟਿਸ਼ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸਨੂੰ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ।

22 ਦਸੰਬਰ 2025 ਨੂੰ ਵਾਪਰੀ ਸੀ ਘਟਨਾ

ਯੂਕੇ ਦੇ ਵੈਸਟ ਬ੍ਰੋਮਵਿਚ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਕੱਚਾ ਮਾਸ ਸੁੱਟਣ ਦੀ ਘਟਨਾ 22 ਦਸੰਬਰ, 2025 ਨੂੰ ਵਾਪਰੀ ਸੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਇਸ ਘਟਨਾ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਅਤੇ ਬਾਅਦ ਵਿੱਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਉਦੋਂ ਤੇਜ਼ ਹੋ ਗਈ, ਜਦੋਂ ਵੈਸਟ ਬ੍ਰੋਮਵਿਚ ਤੋਂ ਲੇਬਰ ਸੰਸਦ ਮੈਂਬਰ ਸਾਰਾਹ ਕੂੰਬਸ ਨੇ 8 ਜਨਵਰੀ, 2026 ਨੂੰ ਯੂਕੇ ਸੰਸਦ ਵਿੱਚ ਇਹ ਮੁੱਦਾ ਉਠਾਇਆ।

Related Post