Urea Black Marketing : ਯੂਰੀਆ ਦੀ ਕਾਲਾਬਾਜ਼ਾਰੀ ਖਿਲਾਫ਼ ਪੰਜਾਬ ਦੇ ਚੋਟੀ ਦੇ 10% ਵਿਕਰੇਤਾਵਾਂ ਦੀ ਹੋਵੇਗੀ ਜਾਂਚ, ਕੇਂਦਰ ਸਰਕਾਰ ਨੇ ਮੰਗੀ ਰਿਪੋਰਟ
Urea Fertilizer : ਕੇਂਦਰ ਸਰਕਾਰ ਨੇ ਪੰਜਾਬ ਦੇ 2324 ਰਿਟੇਲਰਾਂ ਦੀ ਇੱਕ ਸੂਚੀ ਭੇਜੀ ਹੈ, ਜੋ ਪਿਛਲੇ ਸਾਲ ਨਾਲੋਂ ਜਿਆਦਾ ਯੂਰੀਆ ਖਾਦ ਵੇਚ ਰਹੇ ਹਨ। ਹੁਣ ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਤਿਆਰ ਕਰਕੇ ਜ਼ਿਲ੍ਹਾਵਾਰ ਜਾਂਚ ਸ਼ੁਰੂ ਕਰ ਦਿੱਤੀ ਹੈ।
Urea Fertilizer Black Marketing : ਪੰਜਾਬ ਵਿੱਚ ਯੂਰੀਆ ਦੀ ਕਾਲਾਬਾਜ਼ਾਰੀ ਅਤੇ ਅਨਿਯਮਿਤ ਵਿਕਰੀ 'ਤੇ ਕੇਂਦਰ ਅਤੇ ਰਾਜ ਸਰਕਾਰਾਂ ਐਕਸ਼ਨ ਮੋਡ ਵਿੱਚ ਆ ਗਈਆਂ ਹਨ। ਕੇਂਦਰ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਨੇ ਪੰਜਾਬ (Punjab Government) ਵਿੱਚ ਯੂਰੀਆ ਦੀ ਵਿਕਰੀ ਨਾਲ ਸਬੰਧਤ ਬੇਨਿਯਮੀਆਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ, ਰਾਜ ਸਰਕਾਰ ਤੋਂ 5 ਅਗਸਤ 2025 ਤੱਕ ਇੱਕ ਵਿਸਤ੍ਰਿਤ ਜਾਂਚ ਰਿਪੋਰਟ ਮੰਗੀ ਹੈ।
ਕੇਂਦਰ ਵੱਲੋਂ ਜਾਰੀ ਇੱਕ ਪੱਤਰ ਵਿੱਚ, ਇਹ ਦੱਸਿਆ ਗਿਆ ਹੈ ਕਿ 1 ਅਪ੍ਰੈਲ ਤੋਂ 20 ਜੁਲਾਈ 2025 ਦੇ ਸਮੇਂ ਦੌਰਾਨ ਯੂਰੀਆ ਦੇ ਪੀਓਐਸ (ਪੁਆਇੰਟ ਆਫ ਸੇਲ) ਵਿਕਰੀ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਇਸ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਕੁਝ ਚੋਟੀ ਦੇ 10% ਪ੍ਰਚੂਨ ਵਿਕਰੇਤਾ ਯੂਰੀਆ ਦੀ ਬਹੁਤ ਜ਼ਿਆਦਾ ਮਾਤਰਾ ਵੇਚ ਰਹੇ ਹਨ, ਜੋ ਕਿ ਆਮ ਔਸਤ ਨਾਲੋਂ ਬਹੁਤ ਜ਼ਿਆਦਾ ਹੈ।
5 ਅਗਸਤ ਨੂੰ ਭੇਜੀ ਜਾਵੇਗੀ ਕੇਂਦਰ ਨੂੰ ਰਿਪੋਰਟ
ਕੇਂਦਰ ਸਰਕਾਰ ਨੇ ਪੰਜਾਬ ਦੇ 2324 ਰਿਟੇਲਰਾਂ ਦੀ ਇੱਕ ਸੂਚੀ ਭੇਜੀ ਹੈ, ਜੋ ਪਿਛਲੇ ਸਾਲ ਨਾਲੋਂ ਜਿਆਦਾ ਯੂਰੀਆ ਖਾਦ ਵੇਚ ਰਹੇ ਹਨ। ਹੁਣ ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਤਿਆਰ ਕਰਕੇ ਜ਼ਿਲ੍ਹਾਵਾਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਇਹ ਜਾਂਚ 1 ਅਗਸਤ ਤੱਕ ਮੁਕੰਮਲ ਹੋਵੇਗੀ, ਜਿਸ ਤੋਂ ਬਾਅਦ 5 ਅਗਸਤ ਨੂੰ ਇਹ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਸਚਮੁਚ ਵਿਕਰੀ ਵਧੀ ਹੈ ਜਾਂ ਸਬਸਿਡੀ ਵਾਲੇ ਯੂਰੀਏ 'ਚ ਕੋਈ ਗੜਬੜ ਹੋਈ ਹੈ।
ਰਾਜ ਸਰਕਾਰ ਨੇ 22 ਜ਼ਿਲ੍ਹਿਆਂ ਦੀ ਜਾਂਚ ਸੂਚੀ ਤਿਆਰ ਕੀਤੀ
ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ ਤੁਰੰਤ ਕਾਰਵਾਈ ਕਰਦੇ ਹੋਏ, 22 ਜ਼ਿਲ੍ਹਿਆਂ ਦੇ ਚੋਟੀ ਦੇ ਪ੍ਰਚੂਨ ਵਿਕਰੇਤਾਵਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਵਿੱਚ ਹਰੇਕ ਜ਼ਿਲ੍ਹੇ ਤੋਂ ਦੋ ਡੀਲਰਾਂ/ਵਿਕਰੇਤਾਵਾਂ ਦੀ ਪਛਾਣ ਕੀਤੀ ਗਈ ਹੈ। ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਜਲੰਧਰ, ਪਟਿਆਲਾ, ਸੰਗਰੂਰ, ਮੋਹਾਲੀ, ਅੰਮ੍ਰਿਤਸਰ, ਮਾਨਸਾ, ਫਤਹਿਗੜ੍ਹ ਸਾਹਿਬ ਸਮੇਤ ਕੁੱਲ 22 ਜ਼ਿਲ੍ਹੇ ਸ਼ਾਮਲ ਹਨ। ਜਾਂਚ ਸਟਾਕ ਰਜਿਸਟਰ, ਵਿਕਰੀ ਰਿਕਾਰਡ, ਬਿੱਲਾਂ ਅਤੇ ਇਨ੍ਹਾਂ ਪ੍ਰਚੂਨ ਵਿਕਰੇਤਾਵਾਂ ਦੇ ਭੌਤਿਕ ਨਿਰੀਖਣ ਦੇ ਆਧਾਰ 'ਤੇ ਕੀਤੀ ਜਾਵੇਗੀ।
ਵੇਖੋ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਰਿਟੇਲਰਾਂ ਦੀ ਪੂਰੀ ਸੂਚੀ...ਕਰੋ ਕਲਿੱਕ....
ਇਹ ਨਿਰੀਖਣ 1 ਅਗਸਤ, 2025 ਤੋਂ ਸ਼ੁਰੂ ਹੋਵੇਗਾ ਅਤੇ 3 ਅਗਸਤ, 2025 ਤੱਕ ਪੂਰਾ ਕੀਤਾ ਜਾਣਾ ਹੈ। ਜ਼ਿਲ੍ਹਾ ਪੱਧਰ 'ਤੇ, ਸੀਏਓ (ਮੁੱਖ ਖੇਤੀਬਾੜੀ ਅਧਿਕਾਰੀ) ਅਤੇ ਉਨ੍ਹਾਂ ਦੇ ਅਧੀਨ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਜਾਂਚ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ।
ਸੰਗਰੂਰ 'ਚ ਕੁੱਲ 260 ਯੂਰੀਆ ਰਿਟੇਲਰ
ਸੰਗਰੂਰ ਜ਼ਿਲ੍ਹੇ ਵਿੱਚ ਕੁੱਲ 260 ਦੇ ਕਰੀਬ ਯੂਰੀਆ ਰਿਟੇਲਰ ਹਨ। ਹੁਣ ਉਹਨਾਂ ਵੱਲੋਂ ਦਿੱਤੇ ਗਏ ਰਿਕਾਰਡਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਟੀਮਾਂ ਦੁਕਾਨਦਾਰਾਂ ਤੋਂ ਕਿਸਾਨਾਂ ਦੇ ਫੋਨ ਨੰਬਰ ਵੀ ਲੈ ਰਹੀਆਂ ਹਨ, ਤਾਂ ਜੋ ਫੋਨ ਰਾਹੀਂ ਵੀ ਪੁਸ਼ਟੀ ਕੀਤੀ ਜਾ ਸਕੇ ਕਿ ਆਖਰਕਾਰੀ ਕਿਸਾਨਾਂ ਨੂੰ ਯੂਰੀਆ ਮਿਲਿਆ ਜਾਂ ਨਹੀਂ।