Amritsar ਦੇ ਗੇਟ ਹਕੀਮਾ ਇਲਾਕੇ ’ਚ ਨਸ਼ਾ ਵਿਰੋਧ ਕਰਨ ‘ਤੇ ਕਾਤਲਾਨਾ ਹਮਲਾ, ਦੋ ਨੌਜਵਾਨ ਗੰਭੀਰ ਜ਼ਖ਼ਮੀ
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਆਪਣੇ ਮੁਹੱਲੇ ਵਿੱਚ ਨਸ਼ੇ ਦੀ ਵਿਕਰੀ ਦਾ ਵਿਰੋਧ ਕਰ ਰਹੇ ਸਨ ਅਤੇ ਲੋਕਾਂ ਨੂੰ ਵੀ ਇਸ ਖ਼ਿਲਾਫ਼ ਜਾਗਰੂਕ ਕਰਦੇ ਆ ਰਹੇ ਸਨ। ਇਸ ਗੱਲ ਤੋਂ ਨਾਰਾਜ਼ ਹੋ ਕੇ ਦੇਰ ਰਾਤ ਕੁਝ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਆਏ ਅਤੇ ਅਚਾਨਕ ਈਟਾਂ, ਪੱਥਰਾਂ ਅਤੇ ਧਾਰਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
Amritsar News : ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਵਿੱਚ ਨਸ਼ੇ ਦੇ ਖ਼ਿਲਾਫ਼ ਆਵਾਜ਼ ਉਠਾਉਣਾ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ। ਇਲਾਕੇ ਵਿੱਚ ਖੁੱਲ੍ਹੇਆਮ ਚਿੱਟਾ ਵੇਚਣ ਦਾ ਵਿਰੋਧ ਕਰਨ ‘ਤੇ ਕੁਝ ਨਸ਼ਾ ਤਸਕਰਾਂ ਵੱਲੋਂ ਦੋ ਨੌਜਵਾਨਾਂ ‘ਤੇ ਕਾਤਲਾਨਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਦੋਵੇਂ ਨੌਜਵਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਆਪਣੇ ਮੁਹੱਲੇ ਵਿੱਚ ਨਸ਼ੇ ਦੀ ਵਿਕਰੀ ਦਾ ਵਿਰੋਧ ਕਰ ਰਹੇ ਸਨ ਅਤੇ ਲੋਕਾਂ ਨੂੰ ਵੀ ਇਸ ਖ਼ਿਲਾਫ਼ ਜਾਗਰੂਕ ਕਰਦੇ ਆ ਰਹੇ ਸਨ। ਇਸ ਗੱਲ ਤੋਂ ਨਾਰਾਜ਼ ਹੋ ਕੇ ਦੇਰ ਰਾਤ ਕੁਝ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਆਏ ਅਤੇ ਅਚਾਨਕ ਈਟਾਂ, ਪੱਥਰਾਂ ਅਤੇ ਧਾਰਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨ ਲਹੂ-ਲੁਹਾਨ ਹੋ ਕੇ ਜ਼ਮੀਨ ‘ਤੇ ਡਿੱਗ ਪਏ।
ਪੀੜਤ ਪਰਿਵਾਰ ਦੀ ਮੈਂਬਰ ਨੇ ਇਲਜ਼ਾਮ ਲਗਾਇਆ ਕਿ ਇਲਾਕੇ ਵਿੱਚ ਨਸ਼ਾ ਵੇਚਣ ਵਾਲੇ ਨੌਜਵਾਨ ਖੁੱਲ੍ਹੇਆਮ ਕਹਿੰਦੇ ਹਨ ਕਿ ਉਹ ਪੁਲਿਸ ਨੂੰ ਪੈਸੇ ਦਿੰਦੇ ਹਨ ਅਤੇ ਇਸੇ ਲਈ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਉਸਨੇ ਕਿਹਾ ਕਿ ਨਸ਼ਾ ਤਸਕਰ ਬੇਖੌਫ਼ ਹੋ ਕੇ ਧਮਕੀਆਂ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਉਹ ਸਰੇਆਮ ਚਿੱਟਾ ਵੇਚਦੇ ਰਹਿਣਗੇ।
ਦੂਜੇ ਪਾਸੇ, ਥਾਣਾ ਗੇਟ ਹਕੀਮਾ ਤੋਂ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਮਲੇ ਵਿੱਚ ਸ਼ਾਮਲ ਮੁਲਜ਼ਡਮਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਜਦਕਿ ਪੀੜਤ ਪਰਿਵਾਰ ਨਿਆਂ ਅਤੇ ਸੁਰੱਖਿਆ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : Chandigarh VIP Number : ਚੰਡੀਗੜ੍ਹ ’ਚ ਵਧਿਆ VIP ਨੰਬਰਾਂ ਦਾ ਕ੍ਰੇਜ਼; CH01-DC 0001 ਤੋਂ 9999 ਤੱਕ ਫੈਂਸੀ ਨੰਬਰਾਂ ਦੀ ਹੋਈ ਨਿਲਾਮੀ