ਸਿਰ ’ਤੇ ਦਸਤਾਰ ਸਜਾ ਕੇ CM ਯੋਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਮੌਕੇ ਸੰਦੇਸ਼ ਯਾਤਰਾ ’ਚ ਹੋਏ ਸ਼ਾਮਲ, ਦੇਖੋ ਤਸਵੀਰਾਂ
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ 'ਤੇ ਰਾਜਧਾਨੀ ਲਖਨਊ ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ ਦੀ ਸ਼ੁਰੂਆਤ ਕੀਤੀ।
CM Yogi Adityanath News : ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ 'ਤੇ ਰਾਜਧਾਨੀ ਲਖਨਊ ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ ਦਾ ਉਦਘਾਟਨ ਕੀਤਾ।

ਮੁੱਖ ਮੰਤਰੀ ਯੋਗੀ ਨੇ ਯਾਤਰਾ ਵਿੱਚ ਸ਼ਾਮਲ ਹੋ ਕੇ ਇਸਨੂੰ ਦਿੱਲੀ ਲਈ ਰਵਾਨਾ ਕੀਤਾ। ਯਾਤਰਾ ਗੁਰਦੁਆਰਾ ਨਾਕਾ ਹਿੰਡੋਲਾ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਨਿਵਾਸ ਤੱਕ ਗਈ। ਮੁੱਖ ਮੰਤਰੀ ਯੋਗੀ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ।

ਯੋਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸਿਰ 'ਤੇ ਰੱਖ ਕੇ ਇਸ ਧਾਰਮਿਕ ਯਾਤਰਾ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਯੋਗੀ ਨੇ ਇਸ ਮੌਕੇ ਜਨਤਕ ਸਭਾ ਨੂੰ ਵੀ ਸੰਬੋਧਨ ਕੀਤਾ। ਨਾਲ ਹੀ ਸ਼ਬਦ ਕੀਰਤਨ ਅਤੇ ਕਥਾ ਵਿਚਾਰ ਤੋਂ ਬਾਅਦ ਗੁਰੂ ਲੰਗਰ ਵੀ ਵੰਡਿਆ ਗਿਆ।

ਕਾਬਿਲੇਗੌਰ ਹੈ ਕਿ ਯਾਤਰਾ ਯੂਪੀ ਤੋਂ ਦਿੱਲੀ ਜਾਵੇਗੀ। ਲਖਨਊ ਤੋਂ ਬਾਅਦ, ਯਾਤਰਾ ਕਾਨਪੁਰ, ਇਟਾਵਾ, ਆਗਰਾ ਹੁੰਦੇ ਹੋਏ ਦਿੱਲੀ ਦੇ ਚਾਂਦਨੀ ਚੌਕ, ਸ਼ੀਸ਼ਗੰਜ ਵਿਖੇ ਸਥਿਤ ਗੁਰਦੁਆਰੇ ਪਹੁੰਚੇਗੀ।

ਇਸ ਮੌਕੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਐਮ ਯੋਗੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਧਰਮ ਦੀ ਰੱਖਿਆ ਕੀਤੀ, ਔਰੰਗਜ਼ੇਬ ਇੱਕ ਜ਼ਾਲਮ ਸ਼ਾਸਕ ਸੀ ਜਿਸਨੇ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਨੀਤੀਆਂ ਅਪਣਾਈਆਂ।

ਉਨ੍ਹਾਂ ਨੇ ਅੱਗੇ ਕਿਹਾ ਕਿ ਔਰੰਗਜ਼ੇਬ ਨੇ ਡਰ, ਲਾਲਚ ਅਤੇ ਕਈ ਤਰ੍ਹਾਂ ਦੇ ਅੱਤਿਆਚਾਰਾਂ ਰਾਹੀਂ ਗੁਰੂ ਤੇਗ ਬਹਾਦਰ ਜੀ 'ਤੇ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ। ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਨ੍ਹਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਹਿੰਦੂ ਧਰਮ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ।

ਉਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਨਾ ਦਿੱਤੀ। ਸੀਐਮ ਯੋਗੀ ਧਰਮ ਪਰਿਵਰਤਨ 'ਤੇ ਗੁੱਸਾ ਜਾਹਿਰ ਕਰਦੇ ਹੋਏ ਕਿਹਾ ਕਿ ਅਸੀਂ ਦੇਸ਼ ਵਿਰੋਧੀ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰ ਰਹੇ ਹਾਂ।