ਉਤਰਾਖੰਡ ਸਰਕਾਰ ਆਪਣੀਆਂ ਹਰਕਤਾਂ ਤੋਂ ਤੁਰੰਤ ਬਾਜ਼ ਆਵੇ- ਗਿਆਨੀ ਰਘਬੀਰ ਸਿੰਘ

ਗੁਰਦੁਆਰਾ ਨਾਨਕਮਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਿੱਖ ਆਗੂਆਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰਾ ਸਿੱਖ ਜਗਤ ਖੜ੍ਹਾ ਹੈ

By  Amritpal Singh April 25th 2024 09:41 AM

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉੱਤਰਾਖੰਡ ਸਰਕਾਰ ਵਲੋਂ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ਦੀ ਆੜ ਹੇਠ ਗੁਰਦੁਆਰਾ ਨਾਨਕਮਤਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਸਖ਼ਤ ਨੋਟਿਸ ਲਿਆ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਬਾਬਾ ਤਰਸੇਮ ਸਿੰਘ ਕਤਲ ਮਾਮਲੇ ਦੇ ਬਹਾਨੇ ਉਤਰਾਖੰਡ ਪੁਲਿਸ ਸਿੱਖ ਆਗੂਆਂ ਖ਼ਿਲਾਫ਼ ਨਜਾਇਜ਼ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਉੱਥੋਂ ਦੇ ਗੁਰਧਾਮਾਂ ‘ਤੇ ਕਾਬਜ਼ ਹੋਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਸਖ਼ਤ ਲਫ਼ਜ਼ਾਂ ਵਿਚ ਆਖਿਆ ਕਿ ਗੁਰਦੁਆਰਾ ਨਾਨਕਮਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਿੱਖ ਆਗੂਆਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰਾ ਸਿੱਖ ਜਗਤ ਖੜ੍ਹਾ ਹੈ ਅਤੇ ਉਤਰਾਖੰਡ ਸਰਕਾਰ ਆਪਣੀਆਂ ਹਰਕਤਾਂ ਤੋਂ ਤੁਰੰਤ ਬਾਜ਼ ਆਵੇ ਨਹੀਂ ਤਾਂ ਇਸ ਤਰ੍ਹਾਂ ਸਿੱਖ ਆਗੂਆਂ ਨੂੰ ਝੂਠੇ ਪੁਲਿਸ ਮੁਕੱਦਮੇ ਵਿਚ ਫਸਾਉਣ ਦੇ ਨਤੀਜੇ ਚੰਗੇ ਨਹੀਂ ਹੋਣਗੇ।

Related Post