Patiala News : ਪੱਕਾ ਹੋਣ ਦੀ ਮੰਗ ਕਰ ਰਹੇ ਸੀ ਮੁਲਾਜ਼ਮ, ਵੇਰਕਾ ਨੇ 150 ਨੂੰ ਕਰ ਦਿੱਤਾ ਬਰਖ਼ਾਸਤ

Verka Patiala : ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੈਡ ਆਫਿਸ ਵੇਰਕਾ ਮੋਹਾਲੀ ਦੇ ਬਾਹਰ ਪੱਕਾ ਹੋਣ ਲਈ ਧਰਨਾ ਪ੍ਰਦਰਸ਼ਨ ਕੀਤਾ ਸੀ, ਜਿਸ ਦੀ ਸਾਨੂੰ ਪੱਕਾ ਹੋਣ ਦੀ ਥਾਂ 'ਤੇ ਨੌਕਰੀ ਤੋਂ ਹੀ ਕੱਢ ਕੇ ਸਜ਼ਾ ਦਿੱਤੀ ਗਈ ਹੈ।

By  KRISHAN KUMAR SHARMA May 22nd 2026 07:16 PM -- Updated: May 22nd 2026 07:23 PM

Patiala News : ਪਟਿਆਲਾ ਵੇਰਕਾ ਡੇਅਰੀ ਵੱਲੋਂ ਮਿਲਕ ਪਲਾਂਟ 'ਚ ਕੰਮ ਕਰਦੇ 150 ਦੇ ਲਗਭਗ ਠੇਕਾ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕਰਮਚਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ ਗੇਟ ਤੋਂ ਅੱਗੇ ਅੰਦਰ ਨਹੀਂ ਜਾਣ ਦਿੱਤਾ ਗਿਆ।

ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੈਡ ਆਫਿਸ ਵੇਰਕਾ ਮੋਹਾਲੀ ਦੇ ਬਾਹਰ ਪੱਕਾ ਹੋਣ ਲਈ ਧਰਨਾ ਪ੍ਰਦਰਸ਼ਨ ਕੀਤਾ ਸੀ, ਜਿਸ ਦੀ ਸਾਨੂੰ ਪੱਕਾ ਹੋਣ ਦੀ ਥਾਂ 'ਤੇ ਨੌਕਰੀ ਤੋਂ ਹੀ ਕੱਢ ਕੇ ਸਜ਼ਾ ਦਿੱਤੀ ਗਈ ਹੈ। ਕਰਮਚਾਰੀਆਂ ਦੀ ਮੰਗ ਹੈ ਕਿ ਸਾਨੂੰ ਪੱਕਾ ਕੀਤਾ ਜਾਵੇ, ਪਰ ਇਹਨਾਂ ਨੇ ਤਾਂ ਸਾਡਾ ਰੁਜ਼ਗਾਰ (Punjab Jobs) ਹੀ ਖੋ ਲਿਆ ਤੇ ਸਾਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ। 

ਜਾਣਕਾਰੀ ਅਨੁਸਾਰ, ਅੱਜ ਇਹਨਾਂ ਕਰਮਚਾਰੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਰਕਾ ਪਲਾਂਟ ਦੇ ਬਾਹਰ ਸਰਹੰਦ ਰੋਡ ਨੂੰ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ। ਪਟਿਆਲੇ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਬਾਵਜੂਦ ਇਹ ਮੁਲਾਜ਼ਮ, ਜਿਨ੍ਹਾਂ ਵਿੱਚ ਔਰਤਾਂ ਵੀ ਸਨ, ਸੜਕਾਂ 'ਤੇ ਬੈਠੇ ਰਹੇ।

ਵੇਰਕਾ ਅਧਿਕਾਰੀਆਂ ਦਾ ਕੀ ਹੈ ਕਹਿਣਾ ? 

ਉਧਰ, ਜਦੋਂ ਇਸ ਧਰਨੇ ਉੱਪਰ ਵੇਰਕਾ ਪ੍ਰਸ਼ਾਸਨ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਵੇਰਕਾ ਪਟਿਆਲਾ ਪਲਾਂਟ ਦੇ ਜੀਐਮ ਡਾਕਟਰ ਅਮਿਤ ਨੇ ਦੱਸਿਆ ਕਿ ਇਹ ਲੋਕ ਜਦੋਂ ਧਰਨੇ ਤੇ ਜਾ ਰਹੇ ਸਨ ਤਾਂ ਇਹਨਾਂ ਨੂੰ ਰੋਕਿਆ ਗਿਆ ਸੀ ਕਿ ਅੱਧੇ ਲੋਕ ਧਰਨੇ 'ਤੇ ਚਲੇ ਜਾਓ ਤੇ ਅੱਧੇ ਆਪਣੀ ਡਿਊਟੀ ਨਿਭਾ ਲਓ ਤਾਂ ਜੋ ਕਿਸਾਨਾਂ ਦੇ ਦੁੱਧ ਨਾਲ ਨੁਕਸਾਨ ਨਾ ਹੋਵੇ ਪਰ ਇਹਨਾਂ ਲੋਕਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਨੂੰ ਬਾਹਰੋਂ ਲੇਬਰ ਲਿਆ ਕੇ ਆਪਣਾ ਕੰਮ ਚਲਾਉਣਾ ਪਿਆ। 

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕਰਮਚਾਰੀਆਂ ਨੂੰ ਸਮੇਂ ਸਿਰ ਵਟਸਐਪ ਰਾਹੀਂ ਤੇ ਫੋਨ ਰਾਹੀਂ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਹੁਣ ਤੁਹਾਨੂੰ ਕੰਮ 'ਤੇ ਆਉਣ ਦੀ ਲੋੜ ਨਹੀਂ, ਕਿਉਂਕਿ ਇਹ ਅਦਾਰਾ ਕਿਸਾਨੀ ਦੇ ਉੱਪਰ ਟਿਕਿਆ ਹੋਇਆ ਤਾਂ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਇਹਨਾਂ ਲੋਕਾਂ ਨੇ ਇੱਕ ਨਹੀਂ ਸੁਣੀ।ਅੱਜ ਵੀ ਅਸੀਂ ਇਹਨਾਂ ਨੂੰ ਇਹ ਕਹਿ ਦਿੱਤਾ ਹੈ।

Related Post