How To Kidnap Me : ਵੇਰਕਾ ਮੈਂਗੋ ਲੱਸੀ ਦੇ ਇਸ਼ਤਿਹਾਰ ਤੇ ਮੱਚਿਆ ਹੰਗਾਮਾ, ਲੋਕਾਂ ਦੇ ਵਿਰੋਧ ਤੋਂ ਬਾਅਦ ਕੰਪਨੀ ਨੇ ਹਟਾਇਆ

How To Kidnap Me ? : ਇਸ਼ਤਿਹਾਰ ਵੇਰਕਾ (Verka) ਵੱਲੋਂ ਮੈਂਗੋ ਲੱਸੀ (Lassi Controversy) ਦੀ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਸੀ, ਪਰ ਇਸ ਦੇ ਸਿਰਲੇਖ ਨੇ ਵਿਵਾਦ ਖੜਾ ਕਰ ਦਿੱਤਾ, ਜਿਸ ਦਾ ਲੋਕਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ, ਜਿਸ ਕਾਰਨ ਕੰਪਨੀ ਨੇ ਇਸ ਨੂੰ ਵਾਪਸ ਲੈ ਲਿਆ।

By  KRISHAN KUMAR SHARMA June 10th 2026 07:32 PM -- Updated: June 10th 2026 07:51 PM

How To Kidnap Me ? : ਪੰਜਾਬ ਸਰਕਾਰ ਦੇ ਡੇਅਰੀ ਬ੍ਰਾਂਡ ਵੇਰਕਾ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਖਾਤਿਆਂ ਤੋਂ ਉਸ ਇਸ਼ਤਿਹਾਰ (Verka Ad) ਨੂੰ ਹਟਾ ਲਿਆ ਹੈ, ਜਿਸ ਵਿੱਚ 'ਹਾਊ ਟੂ ਕਿਡਨੈਪ ਮੀ?' (ਮੈਨੂੰ ਕਿਵੇਂ ਅਗਵਾ ਕਰਨਾ ਹੈ?) ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਦੱਸ ਦਈਏ ਕਿ ਇਹ ਇਸ਼ਤਿਹਾਰ ਵੇਰਕਾ (Verka) ਵੱਲੋਂ ਮੈਂਗੋ ਲੱਸੀ (Mango Lassi) ਦੀ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਸੀ, ਪਰ ਇਸ ਦੇ ਸਿਰਲੇਖ ਨੇ ਵਿਵਾਦ ਖੜਾ ਕਰ ਦਿੱਤਾ, ਜਿਸ ਦਾ ਲੋਕਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ, ਜਿਸ ਕਾਰਨ ਕੰਪਨੀ ਨੇ ਇਸ ਨੂੰ ਵਾਪਸ ਲੈ ਲਿਆ।

ਵੇਰਕਾ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ ਰੀਲ

ਵੇਰਕਾ ਦੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਗਈ ਇੱਕ ਰੀਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ, ਜਿਸ ਤੋਂ ਬਾਅਦ ਇਸਨੂੰ ਹਟਾ ਦਿੱਤਾ ਗਿਆ। ਰੀਲ ਵਿੱਚ ਇੱਕ ਨੌਜਵਾਨ ਕੁੜੀ ਉੱਚੀਆਂ ਇਮਾਰਤਾਂ ਦੇ ਵਿਚਕਾਰ ਸਥਿਤ ਪਾਰਕਿੰਗ ਵਿੱਚ ਖੜ੍ਹੀ ਦਿਖਾਈ ਦਿੰਦੀ ਹੈ, ਜਦਕਿ ਪਿਛੋਕੜ ਵਿੱਚ ਇੱਕ ਹਿੰਦੀ ਫ਼ਿਲਮੀ ਗੀਤ ਚੱਲ ਰਿਹਾ ਹੁੰਦਾ ਹੈ। ਵੀਡੀਓ ਵਿੱਚ ਸਾਹਮਣੇ ਤੋਂ ਇੱਕ ਹੱਥ ਵੇਰਕਾ ਮੈਂਗੋ ਲੱਸੀ ਦਾ ਟੈਟਰਾਪੈਕ ਪੇਸ਼ ਕਰਦਾ ਹੈ ਅਤੇ ਸਕ੍ਰੀਨ 'ਤੇ “How to kidnap me?” ਲਿਖਿਆ ਦਿਖਾਈ ਦਿੰਦਾ ਹੈ। ਅੱਗੇ ਕੁੜੀ ਨੂੰ ਇੱਕ ਦਰੱਖਤ ਪਿੱਛੇ ਲੁਕਦੇ ਅਤੇ ਫਿਰ ਲੱਸੀ ਦਾ ਪੈਕ ਸਵੀਕਾਰ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਸਮੱਗਰੀ ਨੂੰ ਕਈ ਖਪਤਕਾਰਾਂ ਅਤੇ ਮਹਿਲਾ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਆਵਾਜ਼ਾਂ ਨੇ ਅਪਮਾਨਜਨਕ ਅਤੇ ਗੈਰ-ਜ਼ਿੰਮੇਵਾਰ ਕਰਾਰ ਦਿੱਤਾ।

ਵੇਰਕਾ ਖਪਤਕਾਰਾਂ ਨੇ ਇਸ਼ਤਿਹਾਰ 'ਤੇ ਜਤਾਇਆ ਇਤਰਾਜ਼

ਸੋਮਵਾਰ ਨੂੰ ਕਈ ਵੇਰਕਾ ਖਪਤਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਰੀਲ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਚੰਡੀਗੜ੍ਹ ਦੀ ਰਹਿਣ ਵਾਲੀ ਸਿਮਰਨ ਨੇ ਕਿਹਾ ਕਿ ਇੱਕ ਸਰਕਾਰੀ ਮਾਲਕੀ ਵਾਲੇ ਬ੍ਰਾਂਡ ਵੱਲੋਂ ਇੱਕ ਨੌਜਵਾਨ ਕੁੜੀ ਨੂੰ ਇਸ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਵਿੱਚ ਵਰਤਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਅਜਿਹੀਆਂ ਪੋਸਟਾਂ ਲਈ ਢੁੱਕਵੇਂ ਨਿਯੰਤਰਣ ਹੋਣੇ ਚਾਹੀਦੇ ਹਨ।

ਮੈਂਗੋ ਲੱਸੀ ਵਿਵਾਦ 'ਤੇ ਮਿਲਕਫੈਡ ਦਾ ਕੀ ਹੈ ਕਹਿਣਾ ? 

ਇਸ ਮਾਮਲੇ 'ਤੇ ਮਿਲਕਫੈੱਡ (MILKFED) ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਕਿਹਾ ਕਿ ਉਹ ਇਸ ਰੀਲ ਬਾਰੇ ਪਹਿਲਾਂ ਜਾਣੂ ਨਹੀਂ ਸਨ, ਪਰ ਉਨ੍ਹਾਂ ਨੇ ਮੰਨਿਆ ਕਿ ਇਹ ਪੂਰੀ ਤਰ੍ਹਾਂ ਅਣਉਚਿਤ ਸੀ। ਉਨ੍ਹਾਂ ਦੱਸਿਆ ਕਿ ਪ੍ਰਚਾਰ ਮੁਹਿੰਮਾਂ ਇੱਕ ਬਾਹਰੀ ਏਜੰਸੀ ਨੂੰ ਸੌਂਪੀਆਂ ਗਈਆਂ ਹਨ, ਪਰ ਇਸ ਤਰ੍ਹਾਂ ਦੀ ਸਮੱਗਰੀ ਕਿਸੇ ਵੀ ਹਾਲਤ ਵਿੱਚ ਕਬੂਲਯੋਗ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਲੋੜੀਂਦੇ ਸੁਧਾਰਾਤਮਕ ਕਦਮ ਚੁੱਕੇ ਜਾਣਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

ਇੱਕ ਸੀਨੀਅਰ ਮਿਲਕਫੈੱਡ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਵਿਵਾਦਿਤ ਰੀਲ ਹਟਾ ਦਿੱਤੀ ਗਈ ਹੈ ਅਤੇ ਜ਼ਿੰਮੇਵਾਰ ਏਜੰਸੀ ਨੂੰ ਚੇਤਾਵਨੀ ਪੱਤਰ ਜਾਰੀ ਕੀਤਾ ਗਿਆ ਹੈ। ਨਾਲ ਹੀ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਭਵਿੱਖ ਵਿੱਚ ਕੋਈ ਵੀ ਪ੍ਰਚਾਰ ਸਮੱਗਰੀ ਜਾਰੀ ਕਰਨ ਤੋਂ ਪਹਿਲਾਂ ਜਨਰਲ ਮੈਨੇਜਰ (ਮਾਰਕੀਟਿੰਗ) ਦੀ ਮਨਜ਼ੂਰੀ ਲਾਜ਼ਮੀ ਹੋਵੇਗੀ।

Related Post