Rajya Sabha Polls: 15 ਰਾਜ ਸਭਾ ਸੀਟਾਂ 'ਤੇ ਵੋਟਿੰਗ ਅੱਜ, ਜਾਣੋ ਕੀ ਕਹਿੰਦਾ ਹਨ ਸਮੀਕਰਨ

By  Jasmeet Singh February 27th 2024 08:41 AM

Rajya Sabha Elections 2024: ਰਾਜ ਸਭਾ ਦੀਆਂ 15 ਸੀਟਾਂ ਲਈ ਅੱਜ ਵੋਟਿੰਗ ਹੋਵੇਗੀ। ਜਿਨ੍ਹਾਂ ਸੂਬਿਆਂ 'ਚ ਵੋਟਿੰਗ ਹੋਣੀ ਹੈ, ਉਨ੍ਹਾਂ 'ਚ ਉੱਤਰ ਪ੍ਰਦੇਸ਼ ਦੀਆਂ 10, ਕਰਨਾਟਕ ਦੀਆਂ 4 ਅਤੇ ਹਿਮਾਚਲ ਪ੍ਰਦੇਸ਼ ਦੀਆਂ 1 ਸੀਟ ਸ਼ਾਮਲ ਹੈ। ਉੱਤਰ ਪ੍ਰਦੇਸ਼ ਅਤੇ ਕਰਨਾਟਕ ਵਿੱਚ ਕਰਾਸ ਵੋਟਿੰਗ ਦਾ ਡਰ ਹੈ। ਹਿਮਾਚਲ ਵਿੱਚ ਕਾਂਗਰਸੀ ਉਮੀਦਵਾਰ ਦੀ ਜਿੱਤ ਲਗਭਗ ਫਾਈਨਲ ਮੰਨੀ ਜਾ ਰਹੀ ਹੈ। ਵੋਟਿੰਗ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਹੇਗੀ, ਜਦਕਿ ਦੇਰ ਰਾਤ ਤੱਕ ਚੋਣ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ।

ਕਰਾਸ ਵੋਟਿੰਗ ਦੇ ਡਰ?

ਕਰਾਸ ਵੋਟਿੰਗ ਦੇ ਡਰ ਕਾਰਨ ਭਾਜਪਾ ਅਤੇ ਸਮਾਜਵਾਦੀ ਪਾਰਟੀ ਯੂਪੀ ਵਿੱਚ ਕੋਈ ਗਲਤੀ ਨਹੀਂ ਕਰਨਾ ਚਾਹੁੰਦੇ ਹਨ। ਉੱਤਰ ਪ੍ਰਦੇਸ਼ ਵਿੱਚ ਅੱਠਵੇਂ ਉਮੀਦਵਾਰ ਸੰਜੇ ਸੇਠ ਨੂੰ ਜਿਤਾਉਣ ਵਿੱਚ ਕੋਈ ਕਮਜ਼ੋਰੀ ਨਾ ਰਹਿ ਜਾਵੇ, ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਜਪਾ ਨੇ ਵਿਧਾਇਕਾਂ ਦੇ ਨਾਂ 'ਤੇ ਵ੍ਹਿੱਪ ਜਾਰੀ ਕੀਤਾ ਹੈ। ਐੱਨਡੀਏ ਦੇ ਸਾਰੇ ਵਿਧਾਇਕ ਅੱਜ ਸਰਕਾਰ ਦੇ ਅੱਠ ਮੰਤਰੀਆਂ ਦੇ ਚੈਂਬਰ ਵਿੱਚ ਇਕੱਠੇ ਹੋਣਗੇ।ਵੋਟਿੰਗ ਲਈ ਪੰਜ-ਪੰਜ ਦੇ ਗਰੁੱਪ ਬਣਾਏ ਗਏ ਹਨ। ਉਨ੍ਹਾਂ ਦੇ ਨਾਲ ਹੀ ਇਕ ਇੰਚਾਰਜ ਦੀ ਡਿਊਟੀ ਵੀ ਲਗਾਈ ਗਈ ਹੈ।

ਅਖਿਲੇਸ਼ ਵੱਲੋਂ ਪਾਰਟੀ ਵਿਧਾਇਕਾਂ ਦੀ ਬੈਠਕ

ਰਾਜ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਸੋਮਵਾਰ ਰਾਤ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੱਲੋਂ ਬੁਲਾਈ ਗਈ ਪਾਰਟੀ ਵਿਧਾਇਕਾਂ ਦੀ ਬੈਠਕ ਵਿਚ ਅੱਠ ਵਿਧਾਇਕ ਸ਼ਾਮਲ ਨਹੀਂ ਹੋਏ। ਇਨ੍ਹਾਂ ਵਿਧਾਇਕਾਂ ਦੀ ਗੈਰਹਾਜ਼ਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਵਿਧਾਇਕਾਂ ਨੂੰ ਇੱਕ ਹੋਟਲ ਵਿੱਚ ਕੀਤਾ ਸ਼ਿਫਟ

ਕਰਨਾਟਕ ਵਿੱਚ ਰਾਜ ਸਭਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਨੇ ਸਾਰੇ ਵਿਧਾਇਕਾਂ ਨੂੰ ਇੱਕ ਹੋਟਲ ਵਿੱਚ ਸ਼ਿਫਟ ਕਰ ਦਿੱਤਾ ਹੈ। ਰਾਜ ਵਿੱਚ ਪੰਜ ਉਮੀਦਵਾਰ ਹਨ- ਅਜੇ ਮਾਕਨ, ਸਈਦ ਨਸੀਰ ਹੁਸੈਨ ਅਤੇ ਜੀ.ਸੀ. ਚੰਦਰਸ਼ੇਖਰ (ਸਾਰੇ ਕਾਂਗਰਸ), ਨਰਾਇਣ ਬੰਗੇ (ਭਾਜਪਾ) ਅਤੇ ਕੁਪੇਂਦਰ ਰੈਡੀ (ਜਨਤਾ ਦਲ ਸੈਕੂਲਰ) ਚੋਣ ਮੈਦਾਨ ਵਿੱਚ ਹਨ। 'ਕਰਾਸ ਵੋਟਿੰਗ' ਦੇ ਡਰ ਦੇ ਵਿਚਕਾਰ, ਸਾਰੀਆਂ ਪਾਰਟੀਆਂ ਨੇ ਅੱਜ ਹੋਣ ਵਾਲੀ ਵੋਟਿੰਗ ਲਈ ਆਪਣੇ ਵਿਧਾਇਕਾਂ ਨੂੰ ਵ੍ਹਿਪ ਜਾਰੀ ਕਰ ਦਿੱਤਾ ਹੈ।

ਮੁਕਾਬਲਾ ਸਖ਼ਤ ਹੋਣ ਦੀ ਜ਼ਿਆਦਾ ਉਮੀਦ

ਦੱਸ ਦੇਈਏ ਕਿ 15 ਰਾਜਾਂ ਵਿੱਚ ਰਾਜ ਸਭਾ ਦੀਆਂ 56 ਸੀਟਾਂ ਖਾਲੀ ਹਨ। ਇਨ੍ਹਾਂ ਵਿੱਚੋਂ 12 ਰਾਜਾਂ ਦੀਆਂ 41 ਰਾਜ ਸਭਾ ਸੀਟਾਂ ’ਤੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਯੂਪੀ ਦੀਆਂ 10 ਸੀਟਾਂ ਲਈ 11 ਅਤੇ ਕਰਨਾਟਕ ਦੀਆਂ 4 ਸੀਟਾਂ ਲਈ 5 ਉਮੀਦਵਾਰ ਮੈਦਾਨ ਵਿੱਚ ਹਨ। ਹਿਮਾਚਲ 'ਚ ਵੀ ਇਕ ਸੀਟ 'ਤੇ ਦੋ ਉਮੀਦਵਾਰ ਹਨ ਪਰ ਇੱਥੇ ਕਾਂਗਰਸ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਜਿਹੇ 'ਚ ਇੱਥੇ ਮੁਕਾਬਲਾ ਸਖ਼ਤ ਹੋਣ ਦੀ ਜ਼ਿਆਦਾ ਉਮੀਦ ਨਹੀਂ ਹੈ।

ਚੋਣਾਂ ਲਈ ਨੋਟੀਫਿਕੇਸ਼ਨ 8 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾਖਲ ਕਰਨ ਲਈ 15 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ, ਨਾਮਜ਼ਦਗੀਆਂ ਦੀ ਪੜਤਾਲ 16 ਫਰਵਰੀ ਨੂੰ ਕੀਤੀ ਗਈ ਸੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 20 ਫਰਵਰੀ ਸੀ। ਰਾਜ ਸਭਾ ਦੇ ਮੈਂਬਰ ਸਿੱਧੇ ਤੌਰ 'ਤੇ ਜਨਤਾ ਦੁਆਰਾ ਨਹੀਂ ਚੁਣੇ ਜਾਂਦੇ ਹਨ। ਉਹ ਵਿਧਾਇਕਾਂ ਰਾਹੀਂ ਚੁਣੇ ਜਾਂਦੇ ਹਨ।

ਇਹ ਖਬਰਾਂ ਵੀ ਪੜ੍ਹੋ:

Related Post