ਗੈਂਗਸਟਰ ਨਾਲ ਨੱਚਦਿਆਂ ਦੀ ਪੰਜਾਬ ਪੁਲਿਸ ਦੇ ਅਫਸਰਾਂ ਦੀ ਵੇਖੋ ਵਾਇਰਲ ਵੀਡੀਓ

By  Jasmeet Singh August 26th 2023 05:06 PM -- Updated: August 26th 2023 05:39 PM

ਅੰਮ੍ਰਿਤਸਰ: ਗੈਂਗਸਟਰ ਵੱਲੋਂ ਦਿੱਤੀ ਗਈ ਇੱਕ ਪਾਰਟੀ ਵਿੱਚ ਪੰਜਾਬ ਪੁਲਿਸ ਦੇ ਪੰਜ ਇੰਸਪੈਕਟਰਾਂ ਨੂੰ ਗਾਉਣਾ ਤੇ ਨੱਚਣਾ ਔਖਾ ਹੋ ਗਿਆ। ਅੰਮ੍ਰਿਤਸਰ ਵਿੱਚ ਸੱਟੇ ਦਾ ਵੱਡਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨਾਲ ਨੱਚਦੇ ਹੋਏ ਜ਼ਿਲ੍ਹਾ ਦਿਹਾਤੀ ਦੇ ਦੋ ਡੀ.ਐਸ.ਪੀ ਅਤੇ ਇੰਸਪੈਕਟਰਾਂ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਇਸ ਦਾ ਨੋਟਿਸ ਲੈਂਦਿਆਂ ਡੀ.ਜੀ.ਪੀ. ਪੰਜਾਬ ਨੇ ਸਾਰੇ ਪੰਜ ਇੰਸਪੈਕਟਰਾਂ ਦਾ ਜ਼ਿਲ੍ਹੇ ਤੋਂ ਬਾਹਰ ਤਬਾਦਲਾ ਕਰ ਦਿੱਤਾ ਹੈ।

ਇਸ ਪਾਰਟੀ ਵਿੱਚ ਇੱਕ ਵਿਅਕਤੀ ਕਮਲ ਕੁਮਾਰ ਬੋਰੀ ਵੀ ਸ਼ਾਮਲ ਸੀ, ਜਿਸ ਉੱਤੇ ਕਤਲ ਦੀ ਕੋਸ਼ਿਸ਼ ਅਤੇ ਐੱਨ.ਡੀ.ਪੀ.ਐੱਸ ਐਕਟ ਅਤੇ ਜੂਏ ਦੇ ਕਈ ਕੇਸ ਦਰਜ ਹਨ। ਅਜਿਹੇ 'ਚ 7 ਅਗਸਤ ਨੂੰ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਦੇ ਪ੍ਰਧਾਨ ਕੁਮਾਰ ਦਰਸ਼ਨ ਦੇ ਜਨਮ ਦਿਨ ਦੀ ਪਾਰਟੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪੰਜ ਇੰਸਪੈਕਟਰਾਂ ਨੂੰ ਲਾਈਨ ਹਾਜ਼ਰ ਕਰ ਲਿਆ।


ਪੁਲਿਸ ਥਾਣਾ ਸਦਰ ਦੇ ਇੰਸਪੈਕਟਰ ਗੁਰਵਿੰਦਰ ਸਿੰਘ, ਪੁਲਿਸ ਕੰਟਰੋਲ ਰੂਮ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ, ਥਾਣਾ-ਬੀ ਡਵੀਜ਼ਨ ਦੇ ਇੰਸਪੈਕਟਰ ਹਰਿੰਦਰ ਸਿੰਘ, ਥਾਣਾ ਏਅਰਪੋਰਟ 'ਤੇ ਤਾਇਨਾਤ ਇੰਸਪੈਕਟਰ ਧਰਮਿੰਦਰ ਕਲਿਆਣ ਅਤੇ ਇੰਸਪੈਕਟਰ ਨੀਰਜ ਕੁਮਾਰ ਨੂੰ ਲਾਈਨ ਹਾਜ਼ਰ ਕਰ ਲਿਆ ਗਿਆ।

ਇੰਸਪੈਕਟਰ ਗੁਰਵਿੰਦਰ ਸਿੰਘ, ਇੰਸਪੈਕਟਰ ਨੀਰਜ ਕੁਮਾਰ ਅਤੇ ਇੰਸਪੈਕਟਰ ਗਗਨਦੀਪ ਸਿੰਘ ਨੂੰ ਪਟਿਆਲਾ ਰੇਂਜ ਜ਼ਿਲ੍ਹਾ ਮਾਲੇਰਕੋਟਲਾ ਅਤੇ ਇੰਸਪੈਕਟਰ ਧਰਮਿੰਦਰ ਕਲਿਆਣ ਅਤੇ ਇੰਸਪੈਕਟਰ ਹਰਿੰਦਰ ਸਿੰਘ ਨੂੰ ਬਠਿੰਡਾ ਰੇਂਜ ਜ਼ਿਲ੍ਹਾ ਮਾਨਸਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪਾਰਟੀ ਨੇ ਜ਼ਿਲ੍ਹਾ ਦਿਹਾਤੀ ਵਿੱਚ ਤਾਇਨਾਤ ਦੋ ਡੀ.ਐਸ.ਪੀਜ਼ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।


ਅਸਲਾ ਅਤੇ ਐੱਨ.ਡੀ.ਪੀ.ਐੱਸ ਕੇਸ ਦੇ ਮੁਲਜ਼ਮ ਕਮਲ ਬੋਰੀ ਨਾਲ ਪੰਜਾਬ ਦੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਿੱਚ ਤਾਇਨਾਤ ਏ.ਡੀ.ਸੀ.ਪੀ. (ਡਿਟੈਕਟਿਵ) ਹਰਜੀਤ ਸਿੰਘ ਧਾਲੀਵਾਲ ਦੀ ਤਸਵੀਰ ਵੀ ਸਾਹਮਣੇ ਆਈ ਹੈ। ਪਾਰਟੀ ਵੇਲੇ ਲਈ ਗਈ ਇਸ ਫੋਟੋ ਵਿੱਚ ਕੁੱਲ 7 ਲੋਕ ਬੈਠੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਮੇਜ਼ ਉੱਤੇ ਅੰਗਰੇਜ਼ੀ ਸ਼ਰਾਬ ਦੀਆਂ 2 ਬੋਤਲਾਂ ਰੱਖੀਆਂ ਹੋਈਆਂ ਹਨ। ਇਸ ਫੋਟੋ ਵਿੱਚ ਕਮਲ ਬੋਰੀ ਪੰਜਾਬ ਪੁਲਿਸ ਦੇ ਅਧਿਕਾਰੀ ਹਰਜੀਤ ਸਿੰਘ ਧਾਲੀਵਾਲ ਦੇ ਇੱਕ ਪਾਸੇ ਬੈਠਾ ਹੈ। ਗੋਲ ਗਲੇ ਵਾਲੀ ਲਾਲ ਟੀ-ਸ਼ਰਟ ਵਿੱਚ ਕਮਲ ਬੋਰੀ ਹੱਥ ਵਿੱਚ ਮੋਬਾਈਲ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ।

ਜੱਗੂ ਭਗਵਾਨਪੁਰੀਆ ਦੇ ਨਾਲ ਨਾਮਜ਼ਦ ਬੋਰੀ 
ਕਮਲ ਬੋਰੀ ਨਾਮਕ ਸ਼ਖ਼ਸ ਜਿਸ ਦੀ ਪੁਲਿਸ ਅਧਿਕਾਰੀਆਂ ਨਾਲ ਵੀਡੀਓ ਅਤੇ ਫੋਟੋ ਸਾਹਮਣੇ ਆ ਚੁੱਕੀ ਹੈ, ਵਿਰੁੱਧ ਆਰਮਜ਼ ਐਕਟ ਦੇ ਕੇਸਾਂ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ। 2014 ਵਿੱਚ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲਨੇ ਬੋਰੀ ਖ਼ਿਲਾਫ਼ ਐ$ਫ.ਆਈ.ਆਰ ਨੰਬਰ 18 ਦਰਜ ਕੀਤੀ ਸੀ। ਇਸ ਐੱਫ.ਆਈ.ਆਰ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਮ ਵੀ ਸ਼ਾਮਲ ਹੈ।


ਦੂਜੇ ਪਾਸੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਅਸਲਾ ਅਤੇ ਐੱਨ.ਡੀ.ਪੀ.ਐੱਸ ਮਾਮਲੇ ਵਿੱਚ ਮੁਲਜ਼ਮ ਕਮਲ ਬੋਰੀ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕਰ ਲਿਆ ਹੈ। ਅੰਮ੍ਰਿਤਸਰ ਛਾਉਣੀ ਥਾਣੇ ਵਿੱਚ ਆਈ.ਪੀ.ਸੀ ਦੀ ਧਾਰਾ 342,506,148,149 ਅਤੇ ਅਸਲਾ ਐਕਟ ਦੀ ਧਾਰਾ 25ਏ ਤਹਿਤ ਕੇਸ ਦਰਜ ਕੀਤਾ ਗਿਆ। ਇਸ 'ਚ ਕਮਲ ਬੋਰੀ 'ਤੇ ਇਕ ਨੌਜਵਾਨ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਨ ਦਾ ਕਥਿਤ ਦੋਸ਼ ਹੈ। ਬੋਰੀ 'ਤੇ ਕਥਿਤ ਦੋਸ਼ ਹੈ ਕਿ ਉਸ ਨੇ ਆਪਣੇ ਪਿਸਤੌਲ ਦੇ ਬੱਟ ਨਾਲ ਨੌਜਵਾਨ ਦੇ ਸਿਰ 'ਤੇ ਵਾਰ ਕੀਤਾ ਸੀ।

Related Post