ਥਾਣਾ ਦਿਆਲਪੁਰਾ 'ਚੋਂ ਗਾਇਬ ਹੋਏ ਹਥਿਆਰਾਂ ਦੇ ਤਾਰ ਮੋਗਾ ਨਾਲ ਜੁੜੇ, 2 ਮੁਲਜ਼ਮ ਗ੍ਰਿਫ਼ਤਾਰ

By  Ravinder Singh December 5th 2022 12:21 PM

ਬਠਿੰਡਾ : ਇਕ ਸਾਲ ਪਹਿਲਾਂ ਹੌਲਦਾਰ ਸੰਦੀਪ ਸਿੰਘ ਨੇ ਥਾਣਾ ਦਿਆਲਪੁਰਾ ਵਿਚ ਮੁਨਸ਼ੀ ਵਜੋਂ ਤਾਇਨਾਤੀ ਦੌਰਾਨ ਥਾਣੇ ਦੇ ਮਾਲਖਾਨੇ ਵਿਚ ਹਥਿਆਰ ਗਾਇਬ ਕਰ ਦਿੱਤੇ ਸਨ। ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਕੁਝ ਮਹੀਨੇ ਪਹਿਲਾਂ ਸੀਆਈਏ ਸਟਾਫ ਵਨ ਦੀ ਟੀਮ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ ਤਾਂ ਪਤਾ ਲੱਗਾ ਕਿ ਉਕਤ ਨਸ਼ਾ ਤਸਕਰਾਂ ਨੇ ਉਕਤ ਹਥਿਆਰ ਮੁਨਸ਼ੀ ਸੰਦੀਪ ਤੋਂ ਖ਼ਰੀਦੇ ਸਨ।



ਪੁਲਿਸ ਨੇ ਇਸ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਨਵਾਂ ਖੁਲਾਸਾ ਹੋਇਆ ਹੈ ਕਿ ਫਿਰੋਜ਼ਪੁਰ ਦੇ ਮੁੱਦਕੀ ਥਾਣਾ ਪੁਲਿਸ ਨੇ ਸਤਨਾਮ ਸਿੰਘ ਅਤੇ ਕੁਲਵਿੰਦਰ ਸਿੰਘ ਵਾਸੀ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਨੂੰ ਤਿੰਨ ਨਾਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਥਾਣਾ ਦਿਆਲਪੁਰਾ ਦੇ ਮੁਨਸ਼ੀ ਸੰਦੀਪ ਸਿੰਘ ਨੇ ਉਨ੍ਹਾਂ ਨੂੰ ਤਿੰਨੋਂ ਹਥਿਆਰ 38 ਬੋਰ, 32 ਬੋਰ ਰਿਵਾਲਵਰ ਅਤੇ 315 ਬੋਰ ਵੇਚਣ ਲਈ ਦਿੱਤੇ ਸਨ। ਦੋਵੇਂ ਦੋਸ਼ੀ ਮੁੱਦਕੀ ਪੁਲਿਸ ਰਿਮਾਂਡ ਉਪਰ ਹਨ, ਜਿਸ ਕਾਰਨ ਬਠਿੰਡਾ ਪੁਲਿਸ ਹੁਣ ਮੁਲਜ਼ਮਾਂ ਦਾ ਰਿਮਾਂਡ ਖ਼ਤਮ ਹੋਣ ਦੀ ਉਡੀਕ ਕਰ ਰਹੀ ਹੈ। ਐੱਸਐੱਸਪੀ ਜੇ ਇਲਾਨਚੇਜੀਅਨ ਨੇ ਦੱਸਿਆ ਕਿ ਪੁਲਿਸ ਦੋਵਾਂ ਮੁਲਜ਼ਮਾਂ ਕੁਲਵਿੰਦਰ ਸਿੰਘ ਤੇ ਸਤਨਾਮ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਵੇਗੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਮੁੱਖ ਮੁਲਜ਼ਮ ਸੰਦੀਪ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। 


ਇਹ ਵੀ ਪੜ੍ਹੋ :Gujarat Elections-2022 Live Updates-ਗੁਜਰਾਤ 'ਚ ਦੂਜੇ ਪੜਾਅ ਲਈ ਵੋਟਿੰਗ ਸ਼ੁਰੂ, ਪੀਐਮ ਮੋਦੀ ਨੇ ਅਹਿਮਦਾਬਾਦ 'ਚ ਪਾਈ ਵੋਟ

ਕਾਬਿਲੇਗੌਰ ਹੈ ਕਿ ਐੱਸਐੱਸਪੀ ਬਠਿੰਡਾ ਜੇ ਇਲਨਚੇਜੀਅਨ ਨੇ ਮਾਮਲੇ ਦੀ ਜਾਂਚ ਲਈ ਡੀਐੱਸਪੀ ਫੂਲ ਅਸ਼ਵੰਤ ਸਿੰਘ ਦੀ ਅਗਵਾਈ ਵਿਚ SIT ਦਾ ਗਠਨ ਕੀਤਾ ਸੀ। ਐੱਸਆਈਟੀ ਨੇ ਮਾਮਲੇ ਦੀ ਜਾਂਚ ਪੂਰੀ ਕਰਨ ਮਗਰੋਂ ਕੁਝ ਦਿਨ ਪਹਿਲਾਂ ਰਿਪੋਰਟ ਐੱਸਐੱਸਪੀ ਨੂੰ ਸੌਂਪ ਦਿੱਤੀ ਸੀ। ਇਸ ਜਾਂਚ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਨੇ ਦੋ ਵਿਅਕਤੀਆਂ ਨਾਲ ਮਿਲ ਕੇ ਥਾਣਾ ਮਲਖਾਨਾ ਤੋਂ ਹਥਿਆਰ ਗਾਇਬ ਕਰ ਦਿੱਤੇ ਸਨ। ਉਸ ਨੇ ਥਾਣਾ ਮੱਲਖਾਨਾ ਵਿਚ ਰੱਖੀ 7 ਲੱਖ ਰੁਪਏ ਦੀ ਡਰੱਗ ਮਨੀ ਹੜੱਪ ਲਈ ਹੈ। ਇਸ ਜਾਂਚ ਰਿਪੋਰਟ ਦੇ ਆਧਾਰ 'ਤੇ ਐੱਸਐੱਸਪੀ ਨੇ ਮੁਲਜ਼ਮ ਮੁਨਸ਼ੀ ਖ਼ਿਲਾਫ਼ ਧਾਰਾ 409 ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ। ਪੁਲਿਸ ਨੇ ਸੰਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ।

Related Post