ਭਾਖੜਾ ਨਹਿਰ ਵਿੱਚ ਨਹਾਉਣ ਦੌਰਾਨ ਤਾਇਆ ਅਤੇ ਉਸਦਾ 12 ਸਾਲ ਦਾ ਭਤੀਜਾ ਪਾਣੀ ਦੇ ਤੇਜ ਵਹਾਅ 'ਚ ਰੁੜ੍ਹੇ

ਬੁੰਗਾ ਸਾਹਿਬ ਬੱਸ ਅੱਡੇ ਨਜ਼ਦੀਕ ਪੈਂਦੀ ਭਾਖੜਾ ਨਹਿਰ ਦੀ ਛੋਟੀ ਪੁਲੀ ਕਮ ਸਾਈਫਨ ਨਾਲ ਭਾਖੜਾ ਨਹਿਰ ਵਿਚ ਨਹਾਉਣ ਲਈ ਉਤਰੇ ਤਾਏ ਅਤੇ ਭਤੀਜੇ ਦੇ ਨਹਿਰ ਦੇ ਤੇਜ ਪਾਣੀ ਵਿਚ ਰੁੜ੍ਹ ਜਾਣ ਦੀ ਸੂਚਨਾ ਮਿਲੀ ਹੈ।

By  Amritpal Singh June 16th 2023 07:57 PM

Punjab News: ਅੱਜ ਬਾਅਦ ਦੁਪਹਿਰ ਬੁੰਗਾ ਸਾਹਿਬ ਬੱਸ ਅੱਡੇ ਨਜ਼ਦੀਕ ਪੈਂਦੀ ਭਾਖੜਾ ਨਹਿਰ ਦੀ ਛੋਟੀ ਪੁਲੀ ਕਮ ਸਾਈਫਨ ਨਾਲ ਭਾਖੜਾ ਨਹਿਰ ਵਿਚ ਨਹਾਉਣ ਲਈ ਉਤਰੇ ਤਾਏ ਅਤੇ ਭਤੀਜੇ ਦੇ ਨਹਿਰ ਦੇ ਤੇਜ ਪਾਣੀ ਵਿਚ ਰੁੜ੍ਹ ਜਾਣ ਦੀ ਸੂਚਨਾ ਮਿਲੀ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐਸ.ਐਚ.ਓ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਨੂੰ ਮੌਕੇ ਤੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਓਮ ਪ੍ਰਕਾਸ਼ (45) ਪੁੱਤਰ ਲੱਲੂ ਸਿੰਘ ਵਾਸੀ ਰਾਜਬਰੋਲੀਆ ਤਹਿਸੀਲ ਬਿਰਸੀ ਜਿਲ੍ਹਾ ਬਦਾਂਈ ਉੱਤਰ ਪ੍ਰਦੇਸ਼ ਜੋ ਕਿ ਪਿੰਡ ਫਤਿਹਪੁਰ ਬੁੰਗਾ ਭਾਖੜਾ ਨਹਿਰ ਦੇ ਨਜ਼ਦੀਕ ਕਿਰਾਏ ਉਪਰ ਮਕਾਨ ਲੈ ਕੇ ਰਹਿੰਦਾ ਹੈ ਤੇ ਛੋਟੇ ਟੈਂਪੂ ਉਪਰ ਪਿੰਡ-ਪਿੰਡ ਘੁੰਮ ਕੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਸ ਦੇ ਕੋਲ ਉਸ ਦੇ ਭਰਾ ਮੋਤੀ ਰਾਮ ਜੋ ਕਿ ਚੰਡੀਗੜ੍ਹ ਵਿਖੇ ਰਹਿੰਦਾ ਹੈ ਦਾ 12 ਸਾਲ ਦਾ ਲੜਕਾ ਗੋਬਿੰਦਾ ਜੋ ਕਿ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ, ਸਕੂਲ ਵਿਚ ਛੁੱਟੀਆਂ ਹੋਣ ਤੇ ਪਿਛਲੇ ਕੁਝ ਦਿਨਾਂ ਤੋਂ ਰਹਿਣ ਲਈ ਆਇਆ ਹੋਇਆ ਸੀ।

ਅੱਜ ਬਾਅਦ ਦੁਪਹਿਰ ਕਰੀਬ 1.30 ਵਜੇ ਓਮ ਪ੍ਰਕਾਸ਼ ਅਤੇ ਉਸ ਦਾ ਭਤੀਜਾ ਗੋਬਿੰਦਾ ਭਾਖੜਾ ਨਹਿਰ ਵਿਚ ਨਹਾ ਰਹੇ ਸਨ, ਇਸ ਦੌਰਾਨ ਨਹਾਉਂਦੇ ਹੋਏ ਗੋਬਿੰਦਾ ਭਾਖੜਾ ਨਹਿਰ ਦੇ ਤੇਜ ਪਾਣੀ ਵਿਚ ਰੁੜ੍ਹ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਸਦਾ ਤਾਇਆ ਓਮ ਪ੍ਰਕਾਸ਼ ਵੀ ਨਹਿਰ ਦੇ ਤੇਜ ਪਾਣੀ ਵਿਚ ਰੁੜ੍ਹ ਗਿਆ। ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਦੋਵੇਂ ਪਾਣੀ ਦੇ ਤੇਜ ਵਹਾਅ ਵਿੱਚ ਰੁੜ੍ਹ ਗਏ ਅਤੇ ਪਾਣੀ ਦੇ ਹੇਠਾਂ ਚਲੇ ਗਏ। ਪਰਿਵਾਰਕ ਮੈਂਬਰਾਂ ਤੇ ਪੁਲਿਸ ਵੱਲੋਂ ਦੋਵਾਂ ਦੀ ਨਹਿਰ ਵਿਚ ਤਲਾਸ਼ ਸ਼ੁਰੂ ਕਰ ਦਿਤੀ ਗਈ ਹੈ।


Related Post