ਪਤਨੀ ਤੇ ਸਹੁਰੇ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਜੀਵਨਲੀਲਾ ਸਮਾਪਤ, ਮਰਨ ਤੋਂ ਪਹਿਲਾਂ ਬਣਾਈ ਵੀਡੀਓ

By  KRISHAN KUMAR SHARMA March 21st 2024 04:33 PM

ਚੰਡੀਗੜ੍ਹ/ਤਲਵੰਡੀ ਸਾਬੋ: ਨੇੜਲੇ ਪਿੰਡ ਰਤਨਗੜ੍ਹ ਕਣਕਵਾਲ ਤੋਂ ਦੁਖਦਾਈ ਖ਼ਬਰ ਹੈ। ਪਿੰਡ 'ਚ ਇੱਕ ਨੌਜਵਾਨ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ, ਜਿਸ ਦੀ ਮ੍ਰਿਤਕ ਨੇ ਮਰਨ ਤੋਂ ਪਹਿਲਾਂ ਵੀਡੀਓ ਵੀ ਬਣਾਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਗੁਰਜੀਤ ਸਿੰਘ ਆਪਣੀ ਪਤਨੀ ਅਤੇ ਸਹੁਰੇ ਤੋਂ ਤੰਗ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਜਾਣਕਾਰੀ ਅਨੁਸਾਰ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਰਤਨਗੜ੍ਹ ਕਣਕਵਾਲ ਦੇ ਨੌਜਵਾਨ ਦੇ ਸੁਪਨੇ ਉਸ ਸਮੇਂ ਚੱਕਣਾ ਚੂਰ ਹੋ ਗਏ। ਜਦੋਂ ਨੌਜਵਾਨ ਨੇ ਆਪਣੀ ਘਰਵਾਲੀ ਤੇ ਆਪਣੇ ਸਹੁਰੇ ਤੋਂ ਤੰਗ ਆ ਕੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਭਾਵੇਂ ਕਿ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਦਿੱਤਾ ਹੈ ਪਰ ਅਜੇ ਤੱਕ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਤੋਂ ਭੜਕੇ ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਤਲਵੰਡੀ ਸਾਬੋ ਦੇ ਹਸਪਤਾਲ ਅੱਗੇ ਧਰਨਾ ਲਾ ਕੇ ਇਨਸਾਫ ਲੈਣ ਦੀ ਮੰਗ ਕੀਤੀ ਹੈ।

ਭਰਾ ਨੇ ਲਾਏ ਗੁਰਜੀਤ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ

ਮ੍ਰਿਤਕ ਦੇ ਵੱਡੇ ਭਰਾ ਦਲਜੀਤ ਸਿੰਘ ਨੇ ਕਿਹਾ ਕਿ ਉਸ ਦਾ ਭਰਾ ਗੁਰਜੀਤ ਸਿੰਘ ਕਈ ਸਾਲ ਪਹਿਲਾਂ ਤਲਵੰਡੀ ਸਾਬੋ ਦੇ ਲਾਗਲੇ ਪਿੰਡ ਮਲਕਾਣਾ ਵਿਖੇ ਵਿਆਹਿਆ ਸੀ ਪਰ ਉਸ ਦੀ ਪਤਨੀ ਦੇ ਕੋਈ ਭਰਾ ਨਾ ਹੋਣ ਕਰਕੇ ਉਹ ਆਪਣੇ ਸਹੁਰੇ ਪਿੰਡ ਮਲਕਾਣਾ ਵਿਖੇ ਹੀ ਰਹਿੰਦਾ ਸੀ। ਗੁਰਜੀਤ ਨੂੰ ਉਸ ਦੀ ਪਤਨੀ ਤੇ ਸਹੁਰਾ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਆਪਣੇ ਹੀ ਖੇਤ ਵਾਲੇ ਕੋਠੇ ਵਿੱਚ ਜਾ ਕੇ ਫਾਹਾ ਲੈ ਲਿਆ।

ਉਧਰ ਪਿੰਡ ਦੇ ਨੰਬਰਦਾਰ ਭਾਕਰ ਸਿੰਘ ਨੇ ਕਿਹਾ ਕਿ ਮ੍ਰਿਤਕ ਪਿੰਡ ਵਿੱਚ ਬੜਾ ਹੀ ਸਾਊ ਨੌਜਵਾਨ ਸੀ ਤੇ ਉਸ ਦੇ ਵਿਦੇਸ਼ ਜਾਣ ਦਾ ਸੁਪਨਾ ਦੇਖ ਰਿਹਾ ਸੀ ਅਤੇ ਇਸ ਲਈ ਉਹ ਆਈਲੈਟਸ ਕਰ ਰਿਹਾ ਸੀ ਤੇ ਹੁਣ ਮ੍ਰਿਤਕ ਦੇ ਵਾਰਸਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਗਰ ਕਥਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਉਸ ਸਮੇਂ ਤੱਕ ਮ੍ਰਿਤਕ ਦਾ ਸੰਸਕਾਰ ਨਹੀਂ ਕਰਨਗੇ।

ਉਧਰ, ਤਲਵੰਡੀ ਸਾਬੋ ਦੇ ਡੀਐਸਪੀ ਰਜੇਸ਼ ਸਨੇਹੀ ਨੇ ਦੱਸਿਆ ਕਿ ਮ੍ਰਿਤਕ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਪਰੇਸ਼ਾਨ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।ਇਸ ਸਬੰਧੀ ਰਾਮਾ ਮੰਡੀ ਦੇ ਪੁਲਿਸ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਕੇ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਕਥਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related Post