ਸ਼ਹੂਰ ਖੁਰਦ ਦੇ ਨੌਜਵਾਨ ਦਾ ਕਲਾਨੌਰ ਨੇੜੇ ਗੋਲੀਆਂ ਮਾਰ ਕੇ ਕਤਲ

ਭਾਰਤ ਪਾਕਿ ਕੌਮਾਂਤਰੀ ਸਰਹੱਦ ਨੇੜੇ ਸਥਿਤ ਪਿੰਡ ਸ਼ਹੂਰ ਖੁਰਦ ਦੇ ਇਕ ਨੌਜਵਾਨ ਦੀ ਕਲਾਨੌਰ ਦੇ ਬਾਹਰਵਾਰ ਗੋਲੀਆਂ ਮਾਰਨ ਦੀ ਖ਼ਬਰ ਹੈ

By  Amritpal Singh February 12th 2025 06:36 PM -- Updated: February 12th 2025 06:49 PM

Punjab News: ਸਰਹੱਦੀ ਕਸਬਾ ਕਲਾਨੌਰ ਵਿਖੇ ਸਾਹਲੇ ਚੱਕ ਪਿੰਡ ਵੱਲ ਜਾਂਦੇ ਲਿੰਕ ਮਾਰਗ ’ਤੇ ਕੁਝ ਵਿਅਕਤੀਆਂ ਵੱਲੋਂ ਪੁਰਾਣੀ ਰੰਜਿਸ਼ ਤਹਿਤ ਪਿੰਡ ਸਹੂਰ ਕਲਾਂ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਛੋਟੇ ਭਰਾ ਨਿਰਮਲ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਸ ਘਟਨਾ ਨੂੰ ਲੈ ਕੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਸਬੰਧੀ ਪਤਾ ਚੱਲਦਿਆਂ ਹੀ ਐੱਸ.ਪੀ ਡੀ ਜੁਗਰਾਜ ਸਿੰਘ, ਐੱਸ.ਐੱਚ.ਓ ਕਲਾਨੌਰ ਸਾਹਿਲ ਪਠਾਨੀਆ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨਿਰਮਲ ਸਿੰਘ ਦੇ ਭਰਾ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਪਿੰਡ ਸਹੂਰ ਖੁਰਦ ਵਿਚ ਪੰਚਾਇਤੀ ਗਲੀ ਦਾ ਨਿਰਮਾਣ ਕਰਵਾ ਰਹੇ ਸਨ ਕਿ ਇਸ ਦੌਰਾਨ ਗਲੀ ਦੇ ਨਿਰਮਾਣ ਨੂੰ ਰੋਕਣ ਨੂੰ ਲੈ ਕੇ ਦੂਸਰੀ ਧਿਰ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਦਾ ਇਕ ਸਾਥੀ ਜ਼ਖਮੀ ਹੋ ਗਿਆ ਸੀ ਅਤੇ ਉਸੇ ਦਿਨ ਤੋਂ ਹੀ ਉਨ੍ਹਾਂ ਨੂੰ ਵਿਰੋਧੀ ਧਿਰ ਵੱਲੋਂ ਗੋਲੀਆਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। 

ਅੱਜ ਦੁਪਹਿਰ ਸਮੇਂ ਮੇਰਾ ਛੋਟਾ ਭਰਾ ਨਿਰਮਲ ਸਿੰਘ ਆਪਣੀ ਮੋਪਡ ’ਤੇ ਸਵਾਰ ਹੋ ਕੇ ਕਲਾਨੌਰ ਸਾਈਡ ਵੱਲੋਂ ਆ ਰਿਹਾ ਸੀ ਕਿ ਉਸ ਨੂੰ ਕਲਾਨੌਰ ਦੇ ਬਾਹਰ ਪਿੰਡ ਸਾਹਲੇ ਚੱਕ ਰੋਡ 'ਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਜੋ ਉਸਦੀ ਛਾਤੀ ਵਿਚ ਲੱਗੀਆਂ ਸਨ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਵਲੋਂ ਜ਼ਖਮੀ ਨਿਰਮਲ ਸਿੰਘ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਸਦੇ ਭਰਾ ਦੇ ਕਾਤਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਉਧਰ ਦੂਜੇ ਪਾਸੇ ਘਟਨਾ ਸਥਾਨ 'ਤੇ ਪਹੁੰਚੇ ਐੱਸ.ਪੀ ਡੀ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।


Related Post