ਕੋਰੋਨਾ ਪੀੜਤ ਪੁਸਤਕ ਵਿਕਰੇਤਾ ਅਤੇ ਲੰਗਰ ਵੰਡਣ ਵਾਲੇ ਖ਼ਿਲਾਫ਼ ਪਰਚਾ ਦਰਜ

By  Panesar Harinder April 23rd 2020 11:49 AM

ਪਟਿਆਲਾ - ਪਿਛਲੇ ਦਿਨੀਂ ਸੁਰਖੀਆਂ ਵਿੱਚ ਰਹੇ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ਤੋਂ ਇੱਕ ਪੁਸਤਕ ਵਿਕਰੇਤਾ ਅਤੇ ਕਰਫ਼ਿਊ ਦੌਰਾਨ ਲੰਗਰ ਵੰਡਣ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਕੋਤਵਾਲੀ ਨੇ ਕਰਫ਼ਿਊ ਦੀ ਉਲੰਘਣਾ ਅਤੇ ਕਰਫ਼ਿਊ ਪਾਸ ਦੀ ਦੁਰਵਰਤੋਂ ਦੇ ਮਾਮਲਿਆਂ ਤਹਿਤ ਕੇਸ ਦਰਜ ਕਰ ਲਿਆ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਉਕਤ ਦੋਵੇਂ ਵਿਅਕਤੀ ਕੋਰੋਨਾ ਤੋਂ ਪੀੜਤ ਹਨ ਅਤੇ ਇਨ੍ਹਾਂ ਤੋਂ ਬਾਅਦ ਪਟਿਆਲਾ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕ੍ਰਿਸ਼ਨ ਕੁਮਾਰ ਗਾਬਾ ਅਤੇ ਕ੍ਰਿਸ਼ਨ ਕੁਮਾਰ ਬਾਂਸਲ ਦੋਵਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ, ਸਿਵਲ ਸਰਜਨ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਜਾਂਚ ਕੀਤੀ ਗਈ। ਜਾਂਚ ਰਾਹੀਂ ਇਹ ਸਾਹਮਣੇ ਆਇਆ ਕਿ ਇਹ ਦੋਵੇਂ ਵਿਅਕਤੀ ਕਰਫ਼ਿਊ ਦੌਰਾਨ ਘਰ ਅਤੇ ਸ਼ਹਿਰ ਤੋਂ ਬਾਹਰ ਘੁੰਮਦੇ ਰਹੇ ਹਨ ਅਤੇ ਇਸੇ ਦੌਰਾਨ ਦੋਵਾਂ ਨੂੰ ਕਰੋਨਾ ਵਾਇਰਸ ਨੇ ਇਨ੍ਹਾਂ ਦੋਹਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ । ਕੋਰੋਨਾ ਪੀੜਤ ਹੋਣ ਤੋਂ ਬਾਅਦ ਵੀ ਇਹ ਦੋਵੇਂ ਵਿਅਕਤੀ ਅੱਗੇ ਕਈ ਲੋਕਾਂ ਦੇ ਸੰਪਰਕ ਵਿੱਚ ਆਏ ਅਤੇ ਇਨ੍ਹਾਂ ਕਾਰਨ ਹੋਰ ਲੋਕਾਂ ਨੂੰ ਵੀ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ। ਪਟਿਆਲਾ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਬਾਰੇ ਜਿੱਥੇ ਤੱਕ ਪੰਜਾਬ ਦੀ ਗੱਲ ਹੈ, ਪੰਜਾਬ ਵਿੱਚ ਇਸ ਦੀ ਮਾਰ ਫਿਲਹਾਲ ਤੇਜ਼ ਹੀ ਨਜ਼ਰ ਆ ਰਹੀ ਹੈ। ਹਾਲਾਂਕਿ ਕੁਝ ਜ਼ਿਲ੍ਹਿਆਂ ਵੱਲੋਂ ਇਸ 'ਤੇ ਕਾਬੂ ਪਾ ਲੈਣ ਦੀ ਗੱਲ ਕਹੀ ਜਾ ਰਹੀ ਹੈ ਪਰ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਜਲੰਧਰ ਤੇ ਅੰਮ੍ਰਿਤਸਰ ਵਿਖੇ ਇਸ ਦੇ ਨਵੇਂ ਮਾਮਲੇ ਸਾਹਮਣੇ ਆਉਣਾ ਇੱਥੋਂ ਦੇ ਵਸਨੀਕਾਂ, ਸਿਹਤ ਵਿਭਾਗ ਅਤੇ ਪ੍ਰਸ਼ਾਸਨ ਲਈ ਵੱਡੀ ਚਿੰਤਾ ਦਾ ਕਾਰਨ ਹੈ। ਇਨ੍ਹਾਂ ਤਾਜ਼ੇ ਮਾਮਲਿਆਂ ਨਾਲ ਪੰਜਾਬ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 278 ਹੋ ਗਈ ਹੈ। ਪਟਿਆਲਾ ਵਿਖੇ ਜਿਨ੍ਹਾਂ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਛੂਤ ਰਾਹੀਂ ਫ਼ੈਲਣ ਵਾਲੀ ਇਸ ਮਹਾਮਾਰੀ ਦੇ ਮਾਮਲੇ 'ਚ ਕੀਤੀ ਅਣਗਹਿਲੀ ਕਿੰਨੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸੋ, ਇਹ ਗੱਲ ਸਾਨੂੰ ਸਭ ਨੂੰ ਗੰਭੀਰਤਾ ਨਾਲ ਸਮਝਣੀ ਚਾਹੀਦੀ ਹੈ ਕਿ ਸੋਸ਼ਲ ਡਿਸਟੈਨਸਿੰਗ, ਘਰਾਂ 'ਚ ਰਹਿਣਾ ਅਤੇ ਸਫ਼ਾਈ ਦੀਆਂ ਸਾਵਧਾਨੀਆਂ ਦੀ ਪਾਲਣਾ ਇਸ ਵੇਲੇ ਸਾਡੀ ਪਹਿਲ ਦੀ ਹੱਕਦਾਰ ਹੈ।

Related Post