ਪਟਿਆਲਾ : ਕੈਨੇਡਾ ਪੜ੍ਹਨ ਗਈ ਲੜਕੀ ਦੀ ਅਚਾਨਕ ਹੋਈ ਮੌਤ,ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਲਾਈ ਗੁਹਾਰ

By  Shanker Badra April 10th 2020 12:28 PM

ਪਟਿਆਲਾ : ਕੈਨੇਡਾ ਪੜ੍ਹਨ ਗਈ ਲੜਕੀ ਦੀ ਅਚਾਨਕ ਹੋਈ ਮੌਤ,ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਲਾਈ ਗੁਹਾਰ:ਪਟਿਆਲਾ : ਪਟਿਆਲਾ ਜ਼ਿਲੇ ਤੋਂ ਬਹੁਤ ਹੀ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਪਟਿਆਲੇ ਦੇ ਪਿੰਡ ਸੂਲਰ ਦੀ ਇੱਕ ਲੜਕੀ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਹੋਈ ਸੀਅਤੇ ਪਿਛਲੇ ਢਾਈ ਸਾਲ ਤੋਂ ਉੱਥੇ ਹੀ ਆਪਣੀ ਪੜ੍ਹਾਈ ਕਰ ਰਹੀ ਸੀ ,ਜਿਸ ਦੀ ਹੁਣ ਓਥੇ ਮੌਤ ਹੋ ਗਈ ਹੈ।

ਪਰਿਵਾਰ ਵਾਲਿਆਂ ਦੇ ਕਹਿਣ ਮੁਤਾਬਕ ਬੀਤੀ ਸਵੇਰ ਉਸ ਨਾਲ ਫੋਨ 'ਤੇ ਗੱਲ ਹੋਈ ਸੀ।ਜਦੋਂ ਜਿਸ ਬਾਰੇ ਅਚਾਨਕ ਬੀਤੀ ਰਾਤ ਪਰਿਵਾਰਕ ਮੈਂਬਰਾਂ ਨੂੰ ਫੋਨ ਆਇਆ ਕਿ ਉਸਦੀ ਮੌਤ ਹੋ ਗਈ ਹੈ।ਜਿਸ ਤੋਂ ਬਾਅਦ  ਅਚਾਨਕ ਇਹ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ -ਰੋ ਕੇ ਬੁਰਾ ਹਾਲ ਹੈ। ਕੁੜੀ ਮੱਧਮ ਪਰਿਵਾਰ ਨਾਲ ਸਬੰਧ ਰੱਖਦੀ ਸੀ।

ਇਸ ਦੌਰਾਨ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਘਰ ਵੇਚ ਕੇ ਆਪਣੀ ਹੋਣਹਾਰ ਧੀ ਨੂੰ ਕੈਨੇਡਾ ਭੇਜਿਆ ਸੀ ਅਤੇ ਉਹ ਹੀ ਉਨ੍ਹਾਂ ਦਾ ਇੱਕ ਸਹਾਰਾ ਸੀ ਕਿਉਂਕਿ ਉਨ੍ਹਾਂ ਦੇ ਲੜਕੇ ਛੋਟੇ ਹਨ ਪਰ ਉਸ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨੇ ਜਿੱਥੇ ਸਾਡੇ ਤੋਂ ਸਾਡਾ ਸਹਾਰਾ ਖੋਹ ਲਿਆ, ਉੱਥੇ ਅੱਜ ਅਸੀਂ ਆਪਣੀ ਧੀ ਦੇ ਅੰਤਿਮ ਦਰਸ਼ਨਾਂ ਨੂੰ ਵੀ ਤਰਸੇ ਰਹੇ ਹਾਂ।

ਉਨ੍ਹਾਂ ਕਿਹਾ ਅਸੀਂ ਗਰੀਬ ਹਾਂ ਅਤੇ ਸਾਡੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਅਸੀਂ ਉਸ ਦੀ ਮ੍ਰਿਤਕ ਦੇਹ ਨੂੰ ਆਪਣੇ ਘਰ ਅਤੇ ਆਪਣੇ ਦੇਸ਼ ਵਿਚ ਲਿਆ ਸਕੀਏ ਤਾਂ ਇਸ ਲਈ ਅਸੀਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵੀ ਮਿਲੇ ਸੀ, ਜਿਨ੍ਹਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਕਿ ਉਹ ਆਪਣੇ ਪੱਧਰ 'ਤੇ ਜੋ ਹੋ ਸਕੇਗਾ ਕਰਨਗੇ ਪਰ ਅਜੇ ਤੱਕ ਕੋਈ ਫੋਨ ਨਹੀਂ ਆਇਆ।

ਉਨ੍ਹਾਂ ਕਿਹਾ ਕਿ ਅਸੀਂ ਮੀਡੀਆ ਰਾਹੀਂ ਸਾਰੇ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਸਾਡੀ ਬੇਟੀ ਦੀ ਮ੍ਰਿਤਕ ਦੇਹ ਨੂੰ ਆਪਣੇ ਦੇਸ਼ ਵਿਚ ਲਿਆਉਣ ਲਈ ਸਾਡੀ ਮਦਦ ਕੀਤੀ ਜਾਵੇ। ਉੱਥੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਜੋ ਵੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਪਾਲਿਸੀ ਹੋਵੇਗੀ ਉਸ ਦੇ ਅਧੀਨ ਉਨ੍ਹਾਂ ਦੀ ਧੀ ਨੂੰ ਲਿਆਉਣ ਦਾ ਪੂਰਾ ਇੰਤਜ਼ਾਮ ਕਰਨ ਦੀ ਕੋਸਿਸ਼ ਕੀਤੀ ਜਾਏਗੀ।

-PTCNews

Related Post