ਪੁਲਿਸ ਨੇ ਪਿੰਦਾ ਗਿਰੋਹ ਦੇ 13 ਸ਼ੂਟਰਾਂ ਸਮੇਤ 19 ਗੁਰਗੇ ਫੜੇ
ਚੰਡੀਗੜ੍ਹ/ਜਲੰਧਰ : ਪੁਲਿਸ ਨੇ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਬਠਿੰਡਾ ਜੇਲ੍ਹ 'ਚ ਬੈਠੇ ਗੈਂਗਸਟਰ ਪਲਵਿੰਦਰ ਸਿੰਘ ਉਰਫ਼ ਪਿੰਦਾ ਦੇ 19 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਦੋਸ਼ੀਆਂ 'ਚੋਂ 13 ਲੋਕ ਸ਼ੂਟਰ ਹਨ, ਜਦਕਿ 6 ਲੋਕ ਗੈਂਗਸਟਰਾਂ ਨੂੰ ਪਨਾਹ ਤੇ ਆਰਥਿਕ ਮਦਦ ਦਿੰਦੇ ਸਨ। ਤਿੰਨ ਹਫ਼ਤਿਆਂ ਦੇ ਚੱਲੇ ਆਪ੍ਰੇਸ਼ਨ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਪਿੰਦਾ ਗਿਰੋਹ ਨਾਲ ਜੁੜੇ ਇੱਕ ਫਿਰੌਤੀ ਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਸਫਲਤਾਪੂਰਵਕ ਪਰਦਾਫਾਸ਼ ਕਰਦਿਆਂ ਸਾਰੇ 13 ਗਿਰੋਹ ਦੇ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਸ਼ੂਟਰ ਹਨ ਅਤੇ ਛੇ ਹੋਰ ਹਨ ਜੋ ਪਨਾਹ ਦੇਣ ਤੇ ਸਪਲਾਈ ਕਰਨ ਵਿੱਚ ਸ਼ਾਮਲ ਸਨ।
ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਸਵਪਨ ਸ਼ਰਮਾ ਨੇ ਕਿਹਾ ਕਿ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਪਲਵਿੰਦਰ ਸਿੰਘ ਉਰਫ਼ ਪਿੰਦਾ, ਜਿਸ ਦੀ ਨਾਭਾ ਜੇਲ੍ਹ ਬਰੇਕ 'ਚ ਵੀ ਭੂਮਿਕਾ ਸਾਹਮਣੇ ਆਈ ਸੀ ਨੂੰ ਗੈਂਗ ਦਾ ਸਰਗਨਾ ਦੱਸਿਆ ਜਾਂਦਾ ਹੈ ਅਤੇ ਪਰਮਜੀਤ ਉਰਫ਼ ਪੰਮਾ ਦੀ ਮਦਦ ਨਾਲ ਗਿਰੋਹ ਨੂੰ ਸੰਭਾਲ ਰਿਹਾ ਸੀ। ਜੋ ਕਿ ਇਸ ਸਮੇਂ ਗ੍ਰੀਸ ਵਿੱਚ ਰਹਿ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ 13 ਸ਼ੂਟਰਾਂ ਦੀ ਪਛਾਣ ਸੁਨੀਲ ਮਸੀਹ ਉਰਫ਼ ਜੀਨਾ, ਰਵਿੰਦਰ ਉਰਫ਼ ਰਵੀ, ਪ੍ਰਦੀਪ ਸਿੰਘ, ਮਨਜਿੰਦਰ ਉਰਫ਼ ਸ਼ਵੀ ਅਤੇ ਸੁਖਮਨ ਸਿੰਘ ਉਰਫ਼ ਸੁਭਾ ਵਾਸੀ ਲੋਹੀਆਂ ਜਲੰਧਰ ਵਜੋਂ ਹੋਈ ਹੈ। ਸੰਦੀਪ ਉਰਫ ਡੱਲੀ, ਮੇਜਰ ਸਿੰਘ, ਅਪਰੈਲ ਸਿੰਘ ਉਰਫ ਸ਼ੇਰਾ, ਬਲਵਿੰਦਰ ਉਰਫ ਗੁੱਢਾ ਅਤੇ ਸਲਿੰਦਰ ਸਿੰਘ ਸਾਰੇ ਨਕੋਦਰ, ਜਲੰਧਰ, ਮੱਖੂ, ਫਿਰੋਜ਼ਪੁਰ ਦਾ ਸਤਪਾਲ ਸੱਤਾ, ਦਵਿੰਦਰਪਾਲ ਸਿੰਘ ਉਰਫ ਦੀਪੂ ਅਤੇ ਸਤਵੰਤ ਸਿੰਘ ਉਰਫ ਜੱਗਾ ਵਾਸੀ ਸ਼ਾਹਕੋਟ ਜਲੰਧਰ ਵਜੋਂ ਹੋਈ ਹੈ। ਇਹ ਸਾਰੇ ਗ੍ਰਿਫਤਾਰ ਵਿਅਕਤੀ ਹਿਸਟਰੀ ਸ਼ੀਟਰ ਹਨ ਅਤੇ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਘਿਨਾਉਣੇ ਅਪਰਾਧਾਂ ਵਿੱਚ ਇਨ੍ਹਾਂ ਦੀ ਸ਼ਮੂਲੀਅਤ ਹੈ।
ਪੁਲਿਸ ਨੇ ਸੱਤ .32 ਬੋਰ ਪਿਸਤੌਲ, ਤਿੰਨ .315 ਬੋਰ ਪਿਸਤੌਲ, ਇੱਕ .315 ਬੋਰ ਦੀ ਬੰਦੂਕ ਅਤੇ ਇੱਕ .12 ਬੋਰ ਦੀ ਬੰਦੂਕ ਸਮੇਤ 9 ਹਥਿਆਰ ਬਰਾਮਦ ਕੀਤੇ ਹਨ ਅਤੇ ਟੋਇਟਾ ਇਨੋਵਾ ਅਤੇ ਮਹਿੰਦਰਾ ਐਕਸਯੂਵੀ 500 ਸਮੇਤ ਦੋ ਵਾਹਨਾਂ ਤੋਂ ਇਲਾਵਾ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੇ ਕਬਜ਼ੇ 'ਚੋਂ 8 ਲੱਖ ਰੁਪਏ ਬਰਾਮਦ ਕੀਤੇ ਗਏ ਹਨ।
ਐਸਐਸਪੀ ਨੇ ਦੱਸਿਆ ਕਿ ਪਰਮਜੀਤ ਉਰਫ਼ ਪੰਮਾ ਗਿਰੋਹ ਨੂੰ ਫਾਇਨਾਂਸ ਕਰਦਾ ਸੀ ਅਤੇ ਅਮਰਜੀਤ ਉਰਫ਼ ਅਮਰ ਨੂੰ ਹਵਾਲਾ ਰਾਹੀਂ ਵਿਦੇਸ਼ੀ ਕਰੰਸੀ ਭੇਜਦਾ ਸੀ, ਜੋ ਅੱਗੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗਿਰੋਹ ਦੇ ਗੁਰਗਿਆਂ ਵਿੱਚ ਵੰਡਦਾ ਸੀ।
ਇਹ ਵੀ ਪੜ੍ਹੋ : ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਜ਼ੈੱਡ ਸ਼੍ਰੇਣੀ ਸੁਰੱਖਿਆ ਦਿੱਤੀ