ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਕੈਦੀ ਆਪਣੇ ਜੀਵਨ ਸਾਥੀ ਨਾਲ ਬਿਤਾ ਸਕਣਗੇ ਸਮਾਂ

By  Jasmeet Singh September 21st 2022 09:42 AM

Prisoners will be able to spend intimate time with their spouse in Punjab jails: ਪੰਜਾਬ ਵਿਚ ਕੈਦੀ ਹੁਣ ਆਪਣੇ ਜੀਵਨ ਸਾਥੀ ਨਾਲ ਕੁੱਝ ਸਮਾਂ ਬਿਤਾ ਸਕਣਗੇ ਕਿਉਂਕਿ ਸੂਬੇ ਦੇ ਜੇਲ੍ਹ ਵਿਭਾਗ ਨੇ ਮੰਗਲਵਾਰ ਤੋਂ ਕੈਦੀਆਂ ਨੂੰ ਵੱਖਰੇ ਕਮਰੇ ਵਿੱਚ ਕੁੱਝ ਘੰਟੇ ਬਿਤਾਉਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਹੈ। ਅਜਿਹੀ ਸਹੂਲਤ ਸ਼ੁਰੂ ਕਰਨ ਵਾਲਾ ਇਹ ਪਹਿਲਾ ਸੂਬਾ ਹੈ। ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂ ਵਿੱਚ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ, ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅਤੇ ਬਠਿੰਡਾ ਦੀ ਮਹਿਲਾ ਜੇਲ੍ਹ ਵਿੱਚ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਪਰਾਧੀਆਂ, ਗੈਂਗਸਟਰਾਂ ਅਤੇ ਜਿਨਸੀ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਇਹ ਸਹੂਲਤ ਨਹੀਂ ਮਿਲੇਗੀ। ਅਧਿਕਾਰੀ ਨੇ ਕਿਹਾ ਕਿ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਆਪਣੇ ਜੀਵਨ ਸਾਥੀ ਨਾਲ ਦੋ ਘੰਟੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਲਈ ਵਿਭਾਗ ਨੇ ਇੱਕ ਕਮਰਾ ਰੱਖਿਆ ਹੈ, ਜਿਸ ਵਿੱਚ ਟਾਇਲਟ ਵੀ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਹਾਸਿਲ ਜਾਣਕਾਰੀ ਅਨੁਸਾਰ ਪੰਜਾਬ ਇਹ ਸਹੂਲਤ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਉਹਨਾਂ ਕਿਹਾ ਕਿ ਇਹ ਕਦਮ ਜਿੱਥੇ ਕੈਦੀਆਂ ਦੇ ਵਿਆਹੁਤਾ ਸਬੰਧਾਂ ਨੂੰ ਮਜ਼ਬੂਤ ​​ਕਰੇਗਾ ਉੱਥੇ ਹੀ ਉਨ੍ਹਾਂ ਦੇ ਚੰਗੇ ਆਚਰਣ ਨੂੰ ਵੀ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਅਜਿਹੀ ਮੀਟਿੰਗ ਲਈ ਆਉਣ ਵਾਲੇ ਪਤੀ ਜਾਂ ਪਤਨੀ ਨੂੰ ਆਪਣੇ ਵਿਆਹ ਦਾ ਸਬੂਤ ਦਿਖਾਉਣਾ ਹੋਵੇਗਾ ਅਤੇ ਨਾਲ ਹੀ ਇੱਕ ਮੈਡੀਕਲ ਸਰਟੀਫਿਕੇਟ ਵੀ ਪੇਸ਼ ਕਰਨਾ ਹੋਵੇਗਾ ਕਿ ਉਹ ਐਚਆਈਵੀ ਜਾਂ ਕਿਸੇ ਹੋਰ ਜਿਨਸੀ ਰੋਗ, ਕਰੋਨਾ ਵਾਇਰਸ ਦੀ ਲਾਗ ਜਾਂ ਕਿਸੇ ਹੋਰ ਛੂਤ ਵਾਲੀ ਬਿਮਾਰੀ ਤੋਂ ਪੀੜਤ ਨਹੀਂ ਹਨ। ਜੇਲ੍ਹ ਵਿਭਾਗ ਨੇ ਕੁੱਝ ਦਿਨ ਪਹਿਲਾਂ ਕੈਦੀਆਂ ਨੂੰ ਜੇਲ੍ਹ ਦੇ ਅਹਾਤੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਇੱਕ ਹੋਰ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਲੁਧਿਆਣਾ ਜੇਲ੍ਹ ਤੋਂ ਕੀਤੀ ਗਈ ਸੀ, ਜਿਸ ਤਹਿਤ ਕੈਦੀ ਅਤੇ ਹਵਾਲਾਤੀ ਹਰ ਪੰਦਰਵਾੜੇ ਕਰੀਬ ਇੱਕ ਘੰਟੇ ਲਈ ਆਪਣੇ ਅਜ਼ੀਜ਼ਾਂ ਨੂੰ ਮਿਲ ਸਕਦੇ ਹਨ। ਇਸ ਮੁਲਾਕਾਤ ਲਈ ਜੇਲ੍ਹ ਦੇ ਅਹਾਤੇ ਵਿੱਚ ਇੱਕ ਕਮਰਾ ਵੀ ਰੱਖਿਆ ਗਿਆ ਹੈ ਅਤੇ ਕੈਦੀ ਦੇ ਪਰਿਵਾਰਕ ਮੈਂਬਰ ਉਸ ਨਾਲ ਖਾਣਾ ਵੀ ਖਾ ਸਕਦੇ ਹਨ। -PTC News

Related Post