ਕੋਰੋਨਾ ਨੂੰ ਹਰਾਉਣ ਵਾਲਾ ਪੰਜਾਬ ਦਾ ਪਹਿਲਾਂ ਜ਼ਿਲ੍ਹਾ ਬਣਿਆ ਨਵਾਂਸ਼ਹਿਰ, 18 ਦੇ 18 ਮਰੀਜ਼ ਠੀਕ ਹੋਏ

By  Shanker Badra April 22nd 2020 02:07 PM

ਕੋਰੋਨਾ ਨੂੰ ਹਰਾਉਣ ਵਾਲਾ ਪੰਜਾਬ ਦਾ ਪਹਿਲਾਂ ਜ਼ਿਲ੍ਹਾ ਬਣਿਆ ਨਵਾਂਸ਼ਹਿਰ, 18 ਦੇ 18 ਮਰੀਜ਼ ਠੀਕ ਹੋਏ:ਨਵਾਂਸ਼ਹਿਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਅੰਦਰ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਕੋਰੋਨਾ ਵਾਇਰਸ ਦੇ ਖੌਫ਼ ਵਿਚਾਲੇ ਅੱਜ ਨਵਾਂਸ਼ਹਿਰ ਤੋਂ ਇਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਹੁਣ ਨਵਾਂਸ਼ਹਿਰ ਪੰਜਾਬ ਦਾ ਕੋਰੋਨਾ ਨੂੰ ਹਰਾਉਣ ਵਾਲਾ ਪਹਿਲਾਂ ਜ਼ਿਲ੍ਹਾ ਬਣ ਗਿਆ ਹੈ। ਨਵਾਂਸ਼ਹਿਰ ਵਿਖੇ ਕੋਰੋਨਾ ਪਾਜ਼ੀਟਿਵ 18 ਮਰੀਜ਼ ਸਨ ਪਰ ਹੁਣ ਇਹ ਸਾਰੇ ਮਰੀਜ਼ ਠੀਕ ਹੋ ਗਏ ਹਨ। ਪੰਜਾਬ 'ਚ ਸਭ ਤੋਂ ਪਹਿਲੀ ਮੌਤ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਵਿਖੇ ਗਿਆਨੀ ਬਲਦੇਵ ਸਿੰਘ ਦੀ ਹੋਈ ਸੀ। ਉਸ ਤੋਂ ਬਾਅਦ ਜ਼ਿਲ੍ਹੇ 'ਚ ਕੁੱਲ 19 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ ਹੁਣ 18 ਦੇ 18 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਵਿੱਚ ਜਾ ਚੁੱਕੇ ਹਨ ਅਤੇ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ 17 ਮਰੀਜ਼ਾਂ ਦੀ ਰਿਪੋਰਟ ਪਹਿਲਾਂ ਹੀ ਨੈਗੇਟਿਵ ਆਈ ਸੀ ਅਤੇ ਹੁਣ ਗਿਆਨੀ ਬਲਦੇਵ ਸਿੰਘ ਦੇ ਪੋਤਰੇ ਦੀ ਵੀ ਦੁਬਾਰਾ ਰਿਪੋਰਟ ਨੈਗਟਿਵ ਆ ਗਈ ਹੈ। ਹੁਣ 18 ਮਰੀਜ਼ ਠੀਕ ਹੋ ਗਏ ਹਨ। ਇਸ ਨਾਲ ਪਿੰਡ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਅਤੇ ਸਮੁੱਚੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਵਿਅਕਤੀਆਂ ਨੇ ਕੋਰੋਨਾ 'ਤੇ ਜਿੱਤ ਪ੍ਰਾਪਤ ਕੀਤੀ ਹੈ ਉਨ੍ਹਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਇਸ ਵਾਇਰਸ 'ਤੇ ਜਿੱਤ ਪਾਉਣ ਦਾ ਇਕੋ ਤਰੀਕਾ ਹੌਸਲੇ ਨੂੰ ਬਣਾਏ ਰੱਖਣਾ ਅਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਹੈ। -PTCNews

Related Post