ਪੰਜਾਬ ਦੇ ਇੱਕ ਹੋਰ ਸਖ਼ਸ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪਾਜ਼ੀਟਿਵ, ਦੁਪਹਿਰ ਬਾਅਦ ਪੂਰੇ ਪਿੰਡ ਨੂੰ ਕੀਤਾ ਜਾਵੇਗਾ ਸੀਲ

By  Shanker Badra March 21st 2020 12:47 PM

ਪੰਜਾਬ ਦੇ ਇੱਕ ਹੋਰ ਸਖ਼ਸ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪਾਜ਼ੀਟਿਵ,ਦੁਪਹਿਰ ਬਾਅਦ ਪੂਰੇ ਪਿੰਡ ਨੂੰ ਕੀਤਾ ਜਾਵੇਗਾ ਸੀਲ:ਹੁਸ਼ਿਆਰਪੁਰ : ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਕੋਰੋਨਾ ਵਾਇਰਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਮੋਹਾਲੀ ਅਤੇ ਚੰਡੀਗੜ੍ਹ 'ਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਪੀਜੀਆਈ ਤੋਂ ਆਈ ਰਿਪੋਰਟ 'ਚ ਉਸ ਦੀ ਰਿਪੋਰਟ ਪਾਜੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਬੀਤੀ ਦਿਨੀਂ ਹਰਭਜਨ ਸਿੰਘ ਦੇ ਸੈਂਪਲ ਚੰਡੀਗੜ੍ਹ ਭੇਜੇ ਗਏ ਸਨ ਜੋ ਕਿ ਪਾਜ਼ੀਟਿਵ ਪਾਏ ਗਏ ਹਨ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬਲਦੇਵ ਸਿੰਘ ਨਵਾਂ ਸ਼ਹਿਰ ਦਾ ਸੀ, ਇਹ ਪਿੰਡ ਮੋਰਾਂਵਾਲੀ ਦੇ ਇੱਕ ਪਰਿਵਾਰ ਦੇ ਸੰਪਰਕ ਵਿਚ ਆਇਆ ਸੀ,ਜਿਸ ਕਾਰਨ ਇਹ ਸਾਰਾ ਪਰਿਵਾਰ ਕੋਰੋਨਾ ਵਾਇਰਸ ਦੀ ਸ਼ੱਕੀ ਤੌਰ ਉੱਤੇ ਚਪੇਟ ਵਿਚ ਆ ਗਿਆ ਹੈ। ਜਿਸ ਤੋਂ ਬਾਅਦ ਸਾਰੇ ਪਰਿਵਾਰ ਦੇ 6 ਮੈਂਬਰਾਂ ਨੂੰ ਸਰਕਾਰੀ ਹਸਪਤਾਲ ਦੇ ਆਈਸੋਲੇਟ ਵਾਰਡ ਵਿਚ ਰੱਖਿਆ ਗਿਆ ਸੀ। ਜਾਣਕਾਰੀ ਮਿਲੀ ਹੈ ਕਿ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਦੁਪਹਿਰ ਤੋਂ ਬਾਅਦ ਪੂਰੇ ਪਿੰਡ ਨੂੰ ਸੀਲ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ 'ਚ 7  ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਨਵਾਂ ਸ਼ਹਿਰ ਦੇ ਪਿੰਡ ਪਾਠਲਾਵਾਂ ‘ਚ 70 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। -PTCNews

Related Post