ਪੰਜਾਬ ਕਾਂਗਰਸ 'ਚ ਕੈਪਟਨ ਖਿਲਾਫ਼ ਵੱਡੀ ਬਗਾਵਤ , ਕੈਪਟਨ ਨਹੀਂ ਚਾਹੀਦੇ ਮੁੱਖ ਮੰਤਰੀ : ਤ੍ਰਿਪਤਾ ਬਾਜਵਾ

By  Riya Bawa August 24th 2021 02:33 PM -- Updated: August 24th 2021 10:00 PM

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਸੈਕਟਰ-2 ਸਥਿਤ ਕੋਠੀ ਨੰਬਰ 9 ਵਿੱਚ ਹੋਈ। 32 ਦੇ ਕਰੀਬ ਮੰਤਰੀਆਂ ਅਤੇ ਵਿਧਾਇਕਾਂ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ ਕਰਕੇ ਕੈਪਟਨ ਅਮਰਿੰਦਰ ਖ਼ਿਲਾਫ਼ ਰਣਨੀਤੀ ਘੜੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਸਿੱਧੀ ਬਗਾਵਤ ਸ਼ੁਰੂ ਹੋ ਗਈ ਹੈ ਅਤੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਉੱਠ ਰਹੀ ਹੈ।

ਇਸ ਮਗਰੋਂ ਵਿਧਾਇਕਾਂ ਦਾ ਵਫ਼ਦ ਹਾਈ ਕਮਾਂਡ ਨੂੰ ਮਿਲਣ ਦਿੱਲੀ ਜਾਵੇਗਾ ਅਤੇ ਮੁੱਖ ਮੰਤਰੀ ਨੂੰ ਬਦਲਣ ਲਈ ਚਰਚਾ ਹੋ ਸਕਦੀ ਹੈ।ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਧੜੇ ਦੇ ਵਿਧਾਇਕਾਂ ਨੇ ਅੱਜ ਮੀਟਿੰਗ ਕਰਕੇ ਐਲਾਨ ਕੀਤਾ ਹੈ ਕਿ ਸਾਨੂੰ ਕੈਪਟਨ ਮੁੱਖ ਮੰਤਰੀ ਮਨਜ਼ੂਰ ਨਹੀਂ ਹੈ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਵਲੋਂ ਕਿਹਾ ਗਿਆ ਹੈ ਕਿ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ,ਉਹ ਪੂਰੇ ਨਹੀਂ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਤੋਂ ਮਸਲੇ ਹੱਲ ਨਹੀਂ ਹੋਣੇ।

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਸਾਨੂੰ ਕੈਪਟਨ ਮੁੱਖ ਮੰਤਰੀ ਮਨਜ਼ੂਰ ਨਹੀਂ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਸੁਖਬਿੰਦਰ ਸਰਕਾਰੀਆ, ਤ੍ਰਿਪਤ ਰਜਿੰਦਰ ਬਾਜਵਾ, ਚਰਨਜੀਤ ਚੰਨੀ ਤੇ ਜਨਰਲ ਸਕੱਤਰ ਪ੍ਰਗਟ ਸਿੰਘ ਸੋਨੀਆ ਗਾਂਧੀ ਨੂੰ ਮਿਲ ਸਕਦੇ ਹਨ।

ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਨਵਜੋਤ ਸਿੱਧੂ ਦੇ ਸਲਾਹਕਾਰ ਮਲਵਿੰਦਰ ਮਾਲੀ ਦੀਆਂ ਸੋਸ਼ਲ ਮੀਡੀਆ ਪੋਸਟਾਂ 'ਤੇ ਵਿਵਾਦ ਛਿੜਿਆ ਹੋਇਆ ਸੀ। ਇਸ ਮੀਟਿੰਗ ਵਿੱਚ ਪੰਜਾਬ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ,ਪਰਗਟ ਸਿੰਘ , ਅਮਰਿੰਦਰ ਰਾਜਾ ਵੜਿੰਗ ,ਦਵਿੰਦਰ ਘੁਬਾਇਆ, ਪਰਮਿੰਦਰ ਸਿੰਘ ਪਿੰਕੀ ,ਸੁਖਜਿੰਦਰ ਰੰਧਾਵਾ,ਅਵਤਾਰ ਹੈਨਰੀ (ਜੂਨੀਅਰ), ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ ਸਮੇਤ 30 ਦੇ ਕਰੀਬ ਮੰਤਰੀ ਅਤੇ ਵਿਧਾਇਕਾਂ ਨੇ ਹਿੱਸਾ ਲਿਆ।

Related Post