ਪੰਜਾਬ ਕੈਬਨਿਟ ਵਿਸਥਾਰ: ਰਾਣਾ ਗੁਰਜੀਤ ਸਿੰਘ ਸਮੇਤ ਇਨ੍ਹਾਂ 15 ਮੰਤਰੀਆਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

By  Riya Bawa September 26th 2021 04:56 PM -- Updated: September 26th 2021 06:07 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੇਂ ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਪੰਜਾਬ ਦੇ ਰਾਜਪਾਲ  ਬਨਵਾਰੀ ਲਾਲ ਪੁਰੋਹਿਤ ਵੱਲੋਂ 15 ਨਵੇਂ ਕੈਬਨਿਟ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਰਾਣਾ ਗੁਰਜੀਤ ਸਿੰਘ ਅਤੇ ਰਣਦੀਪ ਸਿੰਘ ਨਾਭਾ ਸਮੇਤ 15 ਕਾਂਗਰਸੀ ਵਿਧਾਇਕਾਂ ਨੇ ਐਤਵਾਰ (26 ਸਤੰਬਰ) ਨੂੰ ਪੰਜਾਬ ਰਾਜ ਭਵਨ ਵਿਖੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਕੁਲਜੀਤ ਸਿੰਘ ਨਾਗਰਾ ਦੀ ਥਾਂ ਰਨਦੀਪ ਸਿੰਘ ਨਾਭਾ ਨੂੰ ਕੈਬਨਿਟ ਵਿੱਚ ਥਾਂ ਮਿਲ ਗਈ ਹੈ।

ਪੰਜਾਬ ਕੈਬਨਿਟ ਦੇ ਇਨ੍ਹਾਂ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

ਪੰਜਾਬ ਕੈਬਨਿਟ ਦੀ ਨਵੀਂ ਵਜ਼ਾਰਤ ਵਿਚ ਬ੍ਰਹਮ ਮਹਿੰਦਰਾ , ਮਨਪ੍ਰੀਤ ਸਿੰਘ ਬਾਦਲ , ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਕਾਰੀਆ , ਅਰੁਣਾ ਚੌਧਰੀ , ਰਜ਼ੀਆ ਸੁਲਤਾਨਾ , ਵਿਜੈ ਇੰਦਰ ਸਿੰਗਲਾ , ਭਾਰਤ ਭੂਸ਼ਣ ਆਸ਼ੂ, ਰਣਦੀਪ ਸਿੰਘ ਨਾਭਾ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਹੁੰ ਚੁੱਕ ਲਈ ਹੈ।

ਇਨ੍ਹਾਂ ਵਿੱਚੋਂ ਨਾਭਾ, ਵੇਰਕਾ, ਗਿਲਜੀਆਂ, ਪ੍ਰਗਟ ਸਿੰਘ, ਵੜਿੰਗ, ਅਤੇ ਕੋਟਲੀ ਪੰਜਾਬ ਕੈਬਨਿਟ ਦੀ ਨਵੀਂ ਵਜ਼ਾਰਤ ਵਿਚ ਬਿਲਕੁਲ ਨਵੇਂ ਹਨ। ਰਾਣਾ ਗੁਰਜੀਤ ਸਿੰਘ, ਜੋ ਪਹਿਲਾਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਟੀਮ ਦਾ ਹਿੱਸਾ ਸਨ, ਨੂੰ ਜਨਵਰੀ 2018 ਵਿੱਚ ਰੇਤ ਦੀ ਖੁਦਾਈ ਦੇ ਇੱਕ ਸਕੈਂਡਲ ਦੇ ਕਾਰਨ ਹਟਾ ਦਿੱਤਾ ਗਿਆ ਸੀ। ਉਹ ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ ਇੱਕ ਹਨ।

ਦਰਅਸਲ, ਰਾਣਾ ਗੁਰਜੀਤ ਸਿੰਘ ਖਿਲਾਫ਼ ਉਨ੍ਹਾਂ ਦੇ ਆਪਣੇ ਸਾਥੀਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਸੀ । ਕਾਂਗਰਸ ਦੇ ਸੱਤ ਲੀਡਰਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਸੀ । ਇਨ੍ਹਾਂ ਲੀਡਰਾਂ ਨੇ ਰਾਣਾ ਗੁਰਜੀਤ ਨੂੰ ਹਟਾਉਣ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਕੈਬਨਿਟ ਵਿੱਚ 7 ​ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ, ਜਦੋਂ ਕਿ 8 ਚਿਹਰੇ ਪੁਰਾਣੇ ਹਨ।

ਇਸ ਸਹੁੰ ਚੁੱਕ ਸਮਾਗਮ ਵਿਚ ਕੁੱਲ ਹਿੰਦ ਕਾਂਗਰਸ ਦੇ ਸੀਨੀਅਰ ਆਗੂਆਂ ਸਮੇਤ ਸੂਬਾ ਕਾਂਗਰਸ ਦੇ ਸੀਨੀਅਰ ਆਗੂ ਵੀ ਸ਼ਾਮਲ ਹੋਏ। ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿਚ 7 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਕੈਪਟਨ ਧੜੇ ਦੇ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ।

-PTC News

Related Post