ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਠਿੰਡਾ ਹਾਦਸੇ ਦੇ ਸੰਦਰਭ ਵਿੱਚ ਡਰਾਈਵਰਾਂ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਨ ਦੇ ਹੁਕਮ

By  Joshi November 8th 2017 08:23 PM

ਬਚਾਊ ਅਤੇ ਸਹਾਇਤਾ ਕਾਰਜਾਂ ’ਤੇ ਨਜ਼ਰ ਰੱਖਣ ਲਈ ਮਨਪ੍ਰੀਤ ਬਾਦਲ ਨੂੰ ਘਟਨਾ ਵਾਲੇ ਸਥਾਨ ’ਤੇ ਜਾਣ ਦੇ ਨਿਰਦੇਸ਼

ਚੰਡੀਗੜ, 8 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਠ ਵਿਦਿਆਰਥੀਆਂ ਸਣੇ 10 ਵਿਅਕਤੀਆਂ ਦੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਮਾਰੇ ਜਾਣ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਸਥਾਨਕ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਚਾਊ ਅਤੇ ਰਾਹਤ ਕਾਰਜਾਂ ’ਤੇ ਨਿਗਾ ਰੱਖਣ ਲਈ ਬਠਿੰਡਾ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਨੇ ਧੁੰਦ ਦੀਆਂ ਹਾਲਤਾਂ ਵਿੱਚ ਬੱਸ ਡਰਾਈਵਰਾਂ ਨੂੰ ਆਪਣੀਆਂ ਗੱਡੀਆਂ ਚਲਾਉਣ ਦੇ ਸਬੰਧ ਵਿੱਚ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਨ ਦੇ ਵੀ ਹੁਕਮ ਦਿੱਤੇ ਹਨ।

ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਨਪ੍ਰੀਤ ਬਾਦਲ ਨੂੰ ਹਾਦਸੇ ’ਚ ਜ਼ਖਮੀ ਹੋਏ ਵਿਅਕਤੀਆਂ ਦਾ ਵਧੀਆ ਤੋਂ ਵਧੀਆ ਮੁਫਤ ਇਲਾਜ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਉਨਾਂ ਨੇ ਮਾਰੇ ਵਿਅਕਤੀਆਂ ਦੇ ਪਰਿਵਾਰਾਂ ਹਰ ਸੰਭਵ ਸਹਾਇਤਾ ਦੇਣ ਲਈ ਵੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।

ਮੁੱਖ ਮੰਤਰੀ ਨੇ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਅਤੇ ਜ਼ਖਮੀਆਂ ਲਈ 50-50 ਹਜ਼ਾਰ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।

ਪਿਛਲੇ ਕੁਝ ਦਿਨਾਂ ਤੋਂ ਸੂਬੇ ਵਿੱਚ ਸੰਘਣੀ ਧੁੰਦ ਕਾਰਨ ਵਾਪਰ ਰਹੇ ਦਰਦਨਾਕ ਸੜਕ ਹਾਦਸੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਨੂੰ ਆਪਣੇ ਡਰਾਈਵਰਾਂ ਵਾਸਤੇ ਅਤਿ ਚੌਕਸੀ ਅਤੇ ਸਾਵਧਾਨੀਆਂ ਵਰਤਣ ਲਈ ਵਿਸਤਿ੍ਰਤ ਦਿਸ਼ਾ ਨਿਰਦੇਸ਼ ਜਾਰੀ ਕਰਨ ਨੂੰ ਵੀ ਆਖਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਠਿੰਡਾ ਹਾਦਸੇ ਦੇ ਸੰਦਰਭ ਵਿੱਚ ਡਰਾਈਵਰਾਂ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਨ ਦੇ ਹੁਕਮਮੁੱਖ ਮੰਤਰੀ ਨੇ ਟਰੈਫਿਕ ਪੁਲਿਸ ਨੂੰ ਨੈਸ਼ਨਲ ਅਤੇ ਸੂਬਾਈ ਮਾਰਗਾਂ ’ਤੇ 24 ਘੰਟੇ ਚੌਕਸੀ ਬਣਾਈ ਰੱਖਣ ਲਈ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਮੁਸਾਫਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਉਨਾਂ ਨੇ ਪੁਲਿਸ ਮੁਖੀ ਨੂੰ ਕਿਹਾ ਕਿ ਉਹ ਟਰੈਫਿਕ ਪੁਲਿਸ ਵਿੰਗ ਦੀ ਵਿਸ਼ੇਸ਼ ਮੀਟਿੰਗ ਸੱਦਣ ਅਤੇ ਇਸ ਤਰਾਂ ਦੇ ਹਾਦਸਿਆਂ ਨੂੰ ਰੋਕਣ ਲਈ ਸਾਰੇ ਸੰਭਵ ਕਦਮ ਚੁੱਕੇ ਜਾਣ। ਉਨਾਂ ਨੇ ਤਿੱਖੇ ਮੋੜਾਂ, ਭੀੜੇ ਪੁਲਾਂ ’ਤੇ ਫੋਗ ਲਾਈਟਾਂ ਲਾਉਣ ਅਤੇ ਥਾਂ-ਥਾਂ ਰਿਫਲੈਕਟਰ ਲਾਏ ਜਾਣ ’ਤੇ ਵੀ ਖਾਸਤੌਰ ’ਤੇ ਜ਼ੋਰ ਦਿੱਤਾ। ਉਨਾਂ ਨੇ ਡੀ.ਜੀ.ਪੀ ਨੂੰ ਸਾਰੀਆਂ ਸੜਕਾਂ ਅਤੇ ਮਾਰਗਾਂ ਉੱਤੇ ਖੜੀਆਂ ਸਾਰੀਆਂ ਗੱਡੀਆਂ ਨੂੰ ਜਲਦੀ ਤੋਂ ਜਲਦੀ ਹਟਾਏ ਜਾਣ ਲਈ ਵੀ ਟਰੈਫਿਕ ਪੁਲਿਸ ਅਤੇ ਜ਼ਿਲਾ ਪੁਲਿਸ ਨੂੰ ਨਿਰਦੇਸ਼ ਜਾਰੀ ਕਰਨ ਲਈ ਆਖਿਆ।

ਮੁੱਖ ਮੰਤਰੀ ਨੇ ਸੰਘਣੀ ਧੁੰਦ ਦੌਰਾਨ ਲੋਕਾਂ ਨੂੰ ਸਾਵਧਾਨੀ ਨਾਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਨਾਂ ਦੀ ਅਤੇ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਬਣ ਸਕੇ।

—PTC News

 

Related Post