ਪੰਜਾਬ ਦੇ ਡੀ.ਜੀ.ਪੀ ਵੱਲੋਂ ਨਸ਼ਾ ਤਸਕਰੀ ’ਚ ਸ਼ਾਮਲ ‘ਵੱਡੀਆਂ ਮੱਛੀਆਂ’ ਬਾਰੇ ਬਿਆਨ ’ਤੇ ਸਪੱਸ਼ਟੀਕਰਨ

By  Joshi July 22nd 2017 01:01 PM

Punjab DGP Suresh Arora drugs big fish statement

ਚੰਡੀਗੜ: ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਸੂਬੇ ਵਿਚ ਨਸ਼ਿਆਂ ਦੇ ਕਾਰੋਬਾਰ ’ਚ ਵੱਡੀਆਂ ਮੱਛੀਆਂ ਦੀ ਸ਼ਮੂਲੀਅਤ ਬਾਰੇ ਆਪਣੇ ਬਿਆਨ ’ਤੇ ਸਪੱਸ਼ਟੀਕਰਨ ਦਿੱਤਾ ਹੈ।

ਅੱਜ ਇੱਥੋਂ ਜਾਰੀ ਇੱਕ ਬਿਆਨ ਵਿਚ ਪੁਲਿਸ ਮੁਖੀ ਨੇ ਆਖਿਆ ਕਿ ਇਸ ਮਾਮਲੇ ’ਤੇ ਉਨਾਂ ਦੀ ਟਿੱਪਣੀ ਦੇ ਗਲਤ ਅਰਥ ਕੱਢੇ ਗਏ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਉਨਾਂ ਨੇ ਨਾ ਤਾਂ ਇਹ ਗੱਲ ਕਹੀ ਹੈ ਅਤੇ ਨਾ ਹੀ ਰਾਏ ਦਿੱਤੀ ਹੈ ਕਿ ਪੰਜਾਬ ਵਿਚ ਨਸ਼ਿਆਂ ਦੇ ਕਾਰੋਬਾਰ ’ਚ ਕੋਈ ਵੱਡੀ ਮੱਛੀ ਨਹੀਂ ਹੈ। ਉਨਾਂ ਆਖਿਆ ਕਿ ਉਨਾਂ ਨੇ ਵੱਡੀਆਂ ਮੱਛੀਆਂ ਦੀ ਗੈਰ-ਮੌਜੂਦਗੀ ਦਾ ਹਵਾਲਾ ਇਸ ਸੰਦਰਭ ਵਿਚ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਨਸ਼ਿਆਂ ਦਾ ਨੈਟਵਰਕ ਤੋੜਣ ਲਈ ਕੀਤੀ ਸਖ਼ਤ ਕਾਰਵਾਈ ਦੇ ਮੱਦੇਨਜ਼ਰ ਕੁਝ ਵੱਡੇ ਨਸ਼ਾ ਤਸਕਰ ਸੂਬੇ ਵਿਚੋਂ ਭੱਜ ਗਏ ਹਨ।

Punjab DGP Suresh Arora drugs big fish statement

ਉਨਾਂ ਆਖਿਆ ਕਿ ਭਾਵੇਂ ਪੁਲਿਸ ਨੇ ਕੁਝ ਵੱਡੇ ਤਸਕਰਾਂ ਨੂੰ ਨਸ਼ਿਆਂ ਦੀ ਵੱਡੀ ਬਰਾਮਦਗੀ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਪਰ ਕੁਝ ਤਸਕਰ ਭੱਜਣ ਵਿਚ ਸਫਲ ਹੋ ਗਏ ਜਿਨਾਂ ਦੀ ਭਾਲ ਲਈ ਮੁਹਿੰਮ ਵਿੱਢੀ ਹੋਈ ਹੈ।

ਪੁਲਿਸ ਮੁਖੀ ਨੇ ਆਖਿਆ ਕਿ ਮੁੱਖ ਮੰਤਰੀ ਖੁਦ ਕਈ ਮੌਕਿਆਂ ’ਤੇ ਇਹ ਗੱਲ ਕਹਿ ਚੁੱਕੇ ਹਨ ਕਿ ਨਸ਼ਿਆਂ ਦੇ ਵੱਡੇ ਤਸਕਰ ਤੇ ਕਾਰੋਬਾਰੀ ਆਪਣੇ ਗੁਨਾਹਾਂ ਕਾਰਨ ਗਿ੍ਰਫਤਾਰੀ ਅਤੇ ਸਜ਼ਾ ਤੋਂ ਬਚਣ ਲਈ ਪੰਜਾਬ ਛੱਡ ਕੇ ਭੱਜ ਗਏ ਹਨ।

ਉਨਾਂ ਆਖਿਆ ਕਿ ਨਸ਼ਾ ਵਿਰੋਧੀ ਕਾਰਵਾਈ ਵਿਚ ਜੁਟੀਆਂ ਵਿਸ਼ੇਸ਼ ਟਾਸਕ ਫੋਰਸ ਸਮੇਤ ਹੋਰ ਏਜੰਸੀਆਂ ਅਜਿਹੇ ਗੁਨਾਹਗਾਰਾਂ ਦੀ ਭਾਲ ਵਿਚ ਹਨ ਅਤੇ ਇਨਾਂ ਨੂੰ ਵਾਪਸ ਲਿਆ ਕੇ ਸਜ਼ਾ ਦੇਣ ਨੂੰ ਯਕੀਨੀ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਪੁਲਿਸ ਅਤੇ ਹੋਰ ਸਬੰਧਤ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਨਸ਼ੇ ਦੇ ਧੰਦੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਾ ਜਾਵੇ ਜਿਨਾਂ ਨੇ ਸਾਡੀ ਨੌਜਵਾਨ ਪੀੜੀ ਦਾ ਜੀਵਨ ਤਬਾਹ ਕਰ ਦਿੱਤਾ। ਉਨਾਂ ਆਖਿਆ ਕਿ ਇਨਾਂ ਵੱਡੀਆਂ ਮੱਛੀਆਂ ਨੂੰ ਜਾਲ ਵਿਚ ਫਸਾਉਣ ਲਈ ਪੁਲਿਸ ਕਈ ਪਹਿਲੂਆਂ ਤੋਂ ਕੰਮ ਕਰ ਰਹੀ ਹੈ ਅਤੇ ਇਨਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਂਦਾ ਜਾਵੇਗਾ।

—PTC News

Related Post