ਪੰਜਾਬ ਸਰਕਾਰ ਵੱਲੋਂ 11ਵੀਂ ਅਤੇ 12ਵੀਂ ਕਲਾਸ ਦੇ ਇਤਿਹਾਸ ਦੀ ਪਿਛਲੀ ਕਿਤਾਬ ਨੂੰ ਲੈ ਕੇ ਜਾਰੀ ਕੀਤਾ ਨਵਾਂ ਹੁਕਮ

By  Shanker Badra October 29th 2018 09:30 PM -- Updated: October 29th 2018 10:19 PM

ਪੰਜਾਬ ਸਰਕਾਰ ਵੱਲੋਂ 11ਵੀਂ ਅਤੇ 12ਵੀਂ ਕਲਾਸ ਦੇ ਇਤਿਹਾਸ ਦੀ ਪਿਛਲੀ ਕਿਤਾਬ ਨੂੰ ਲੈ ਕੇ ਜਾਰੀ ਕੀਤਾ ਨਵਾਂ ਹੁਕਮ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2017-18 ਲਈ 11ਵੀਂ ਅਤੇ 12ਵੀਂ ਵਾਸਤੇ ਇਤਿਹਾਸ ਦੀਆਂ ਮੌਜੂਦਾ ਕਿਤਾਬਾਂ ਨੂੰ ਜਾਰੀ ਰੱਖਣ ਦੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ) ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿਉਂਕਿ ਮਾਹਿਰ ਗਰੁੱਪ ਕੋਲ ਇਨਾਂ ਦਾ ਜਾਇਜ਼ਾ ਲੰਬਿਤ ਪਿਆ ਹੋਇਆ ਹੈ।ਇਸ ਅਕਾਦਮਿਕ ਸਾਲ ਦਾ ਇਸ ਸਮੇਂ ਲਗਪਗ ਅੱਧ ਹੋ ਗਿਆ ਹੈ।ਇਸ ਕਰਕੇ ਵਿਦਿਆਰਥੀਆਂ ਨੂੰ ਸਿਲੇਬਸ ਦੇ ਸਬੰਧ ਵਿੱਚ ਸਪਸ਼ਟ ਕੀਤੇ ਜਾਣ ਦੀ ਜਰੂਰਤ ਦੇ ਮੱਦੇਨਜ਼ਰ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਕੁਝ ਕਥਿਤ ਗਲਤੀਆਂ ਦਾ ਮੁੱਦਾ ਪੈਦਾ ਹੋਣ ਤੋ ਬਾਅਦ 11 ਮਈ, 2018 ਨੂੰ ਸੂਬਾ ਸਰਕਾਰ ਨੇ ਉੱਘੇ ਇਤਿਹਾਸਕਾਰਾਂ ਦਾ ਇਕ ਮਾਹਿਰ ਗਰੁੱਪ ਗਠਿਤ ਕੀਤਾ ਸੀ।ਇਹ ਗਰੁੱਪ ਪ੍ਰੋ. ਕਿਰਪਾਲ ਸਿੰਘ ਦੀ ਅਗਵਾਈ ਹੇਠ ਬਣਾਇਆ ਗਿਆ ਸੀ ਜਿਸ ਵਿੱਚ ਡਾ. ਜੇ ਐਸ ਗਰੇਵਾਲ, ਡਾ. ਇੰਦੂ ਬੰਗਾ, ਡਾ. ਪਿ੍ਰਥੀਪਾਲ ਸਿੰਘ ਕਪੂਰ ਤੋਂ ਇਲਾਵਾ ਡਾ. ਬਲਵੰਤ ਸਿੰਘ ਢਿਲੋਂ ਅਤੇ ਡਾ. ਇੰਦਰਜੀਤ ਸਿੰਘ ਗੋਗੀਆ ਸ਼ਾਮਲ ਕੀਤੇ ਗਏ ਸਨ। ਆਖਰੀ ਦੋਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਹਨ।

ਇਕ ਸਰਕਾਰੀ ਬੁਲਾਰੇ ਦੇ ਅਨੁਸਾਰ ਮੁੱਖ ਮੰਤਰੀ ਨੇ ਮਾਹਿਰ ਗਰੁੱਪ ਵੱਲੋਂ ਇਸ ਦਾ ਵਿਆਪਕ ਜਾਇਜ਼ਾ ਯਕੀਨੀ ਬਣਾਉਣ ਵਾਸਤੇ ਸਿੱਖਿਆ ਮੰਤਰੀ ਨੂੰ ਆਖਿਆ ਹੈ।ਉਨਾਂ ਕਿਹਾ ਕਿ ਇਸ ਸਬੰਧ ਵਿੱਚ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਅਤੇ ਪਹਿਲਾਂ ਪ੍ਰਾਪਤ ਹੋਏ ਸਾਰੇ ਸੁਝਾਵਾਂ ਨੂੰ ਵਿਚਾਰਿਆ ਜਾਵੇ।ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨੂੰ ਇਹ ਯਕੀਨੀ ਬਣਾਉਣ ਲਈ ਵੀ ਆਖਿਆ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਦੇ ਵਿਅਕਤੀਗਤ ਅਧਿਆਏ ਪੀ.ਐਸ.ਈ.ਬੀ ਵੱਲੋਂ ਜਾਰੀ ਨਾ ਕੀਤੇ ਜਾਣ ਅਤੇ ਮਾਹਿਰ ਗਰੁੱਪ ਅਤੇ ਸਰਕਾਰ ਵੱਲੋਂ ਪ੍ਰਵਾਨਿਤ ਅਤੇ ਢੁਕਵੇਂ ਤਰੀਕੇ ਨਾਲ ਤੁਸ਼ਟੀ ਕੀਤੀਆਂ ਗਈਆਂ ਕਿਤਾਬਾਂ ਹੀ ਪ੍ਰਕਾਸ਼ਿਤ ਕੀਤੀਆਂ ਜਾਣ।

ਬੁਲਾਰੇ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰਾਂ ਵਚਨਬੱਧ ਹੈ ਕਿ ਸੂਬੇ ਦੇ ਵਿਦਿਆਰਥੀ ਇਤਿਹਾਸ ਬਾਰੇ ਢੁਕਵੀਂ ਅਤੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਣ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਇਆ ਜਾਣ ਵਾਲਾ ਇਤਿਹਾਸ ਠੀਕ ਤੱਥਾਂ ਅਧਾਰਿਤ ਹੋਵੇ ਅਤੇ ਪੰਜਾਬ ਤੇ ਸਿੱਖ ਇਤਿਹਾਸ ਤੱਥਾਂ ਤੋਂ ੳੂਣਾ ਨਾ ਹੋਵੇ।ਇਸ ਸੇਧ ਦੇ ਆਧਾਰ ’ਤੇ ਮਾਹਿਰ ਗਰੁੱਪ ਨੂੰ ਸਮੁੱਚੇ ਸਿਲੇਬਸ ਦੀ ਘੋਖ ਕਰਨ ਲਈ ਆਖਿਆ ਗਿਆ ਹੈ।ਪੀ.ਐਸ.ਈ.ਬੀ ਵੱਲੋਂ ਨਿਰਧਾਰਤ ਕੀਤੀਆਂ ਇਤਿਹਾਸ ਦੀਆਂ ਕਿਤਾਬਾਂ ਦੇ ਵਿਸ਼ੇ ਵਸਤੂ ਨੂੰ ਘੋਖਣ ਲਈ ਇਸ ਗਰੁੱਪ ਨੂੰ ਕਿਹਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨਾਂ ਕਿਤਾਬਾਂ ਵਿੱਚ ਕੋਈ ਵੀ ਉਣਤਾਈ ਨਾ ਰਹੇ।

-PTCNews

Related Post