ਪੰਜਾਬ ਸਰਕਾਰ ਨੇ ਪ੍ਰਾਈਵੇਟ ਏਡਿਡ ਕਾਲਜਾਂ 'ਚ 1925 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਬੰਦ ਕਰਨ ਦਾ ਲਿਆ ਫ਼ੈਸਲਾ

By  Pardeep Singh August 9th 2022 12:53 PM

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪ੍ਰਾਈਵੇਟ ਏਡਿਡ ਕਾਲਜਾਂ ਵਿੱਚ 1925 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਕਾਰਨ ਪੰਜਾਬ ਦੇ ਨੌਜਵਾਨ ਨੂੰ ਵੱਡਾ ਝਟਕਾ ਲੱਗਿਆ ਹੈ। ਤੁਹਾਨੂੰ ਇਸ ਭਰਤੀ ਬਾਰੇ ਡਿਟੇਲ ਵਿੱਚ ਦੱਸਦੇ ਹਾਂ। ਅੰਕਿਤ ਕੇਸ ਵਿੱਚ ਮਾਨਯੋਗ ਹਾਈਕੋਰਟ ਵੱਲੋਂ ਮਿਤੀ 10.10.2014 ਨੂੰ ਵਿਭਾਗ ਵੱਲੋਂ ਦਿੱਤੇ ਹਲਫੀਆ ਬਿਆਨ ਦੇ ਅਧਾਰ ਤੇ 3 ਪੜਾਅ ਦੇ ਵਿੱਚ 1925 ਪੋਸਟਾਂ ਨੂੰ ਭਰਨ ਦੇ ਹੁਕਮ ਕੀਤੇ ਗਏ ਸਨ, ਜੋ ਕਿ ਪਹਿਲੇ ਸਾਲ 2014-15 ਵਿੱਚ 484, ਦੂਜੇ ਸਾਲ 2015-16 484 ਅਤੇ ਤੀਜੇ ਸਾਲ 2016-17 ਵਿੱਚ 957 ਪੋਸਟਾਂ ਭਰੀਆਂ ਜਾਣਗੀਆਂ। ਇਸ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਦੀ ਪ੍ਰਵਾਨਗੀ ਉਪਰੰਤ ਨੋਟੀਫਿਕੇਸ਼ਨ ਨੰਬਰ 11/148-2013-1/328576/5 ਮਿਤੀ 20.10.2014 ਨੂੰ ਜਾਰੀ ਕੀਤਾ ਗਿਆ। ਇਸ ਨੋਟੀਫਿਕੇਸ਼ਨ ਅਨੁਸਾਰ ਪੋਸਟਾਂ ਮਿਤੀ 31.03.2017 ਤੱਕ ਭਰੀਆਂ ਜਾਣੀਆਂ ਸਨ ਪ੍ਰੰਤੂ ਇਹ ਅਸਾਮੀਆਂ 2022 ਤੱਕ ਵੀ ਨਹੀਂ ਭਰੀਆਂ ਗਈਆਂ। ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਸ ਭਰਤੀ ਨੂੰ ਤਤਕਾਲ ਸਮੇਂ ਤੋਂ ਬੰਦ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ 2014 ਵਿੱਚ ਸਰਕਾਰ ਨੂੰ ਹੁਕਮ ਜਾਰੀ ਕੀਤੇ ਸਨ ਕਿ ਪ੍ਰਾਈਵੇਟ ਏਡਿਡ ਕਾਲਜਾਂ ਵਿੱਚ 1925 ਪੋਸਟਾਂ ਭਰੀਆਂ ਜਾਣ ਪਰ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਨ੍ਹਾਂ 1925 ਪੋਸਟਾਂ ਉੱਤੇ ਭਰਤੀ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਹਾਈਕੋਰਟ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ ਨੂੰ ਰੱਦ ਕਰਕੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਸਰਕਾਰੀ ਕਾਲਜਾਂ ਵਿੱਚ ਪਾਰਟ ਟਾਈਮ, ਗੈਸਟ ਫੈਕਲਟੀ ਅਤੇ ਕੰਟਰੈਕਟ ਵਰਕਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਵਾਧੂ ਪੰਜ ਅੰਕ ਦੇਣ ਦਾ ਫੈਸਲਾ ਕੀਤਾ ਸੀ, ਜਿਸ ਨੂੰ ਹਾਈ ਕੋਰਟ ਨੇ ਸੋਮਵਾਰ ਨੂੰ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ:ਸ਼ਰਾਬ ਦੀਆਂ ਬੋਤਲਾਂ ਤੋੜ ਕੇ ਔਰਤਾਂ ਨੇ ਰੋਸ ਜ਼ਾਹਿਰ ਕੀਤਾ, ਜਾਣੋ ਵਜ੍ਹਾ
-PTC News

Related Post