ਸ਼੍ਰੋਮਣੀ ਅਕਾਲੀ ਦਲ ਨੇ ਦਲਿਤ ਭਾਈਚਾਰੇ ਨਾਲ ਵਿਤਕਰਾ ਕਰਨ ਲਈ ਕਾਂਗਰਸ ਸਰਕਾਰ ਨੂੰ ਫਟਕਾਰਿਆ

By  Jashan A July 25th 2019 07:29 PM

ਸ਼੍ਰੋਮਣੀ ਅਕਾਲੀ ਦਲ ਨੇ ਦਲਿਤ ਭਾਈਚਾਰੇ ਨਾਲ ਵਿਤਕਰਾ ਕਰਨ ਲਈ ਕਾਂਗਰਸ ਸਰਕਾਰ ਨੂੰ ਫਟਕਾਰਿਆ

ਕਿਹਾ ਕਿ ਆਸ਼ੀਰਵਾਦ ਸਕੀਮ ਦੀ ਗਰਾਂਟ ਰੋਕੀ ਅਤੇ ਐਸਸੀ ਵਜ਼ੀਫੇ ਦੀ ਗਰਾਂਟ ਘਟਾਈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਸ਼ੀਰਵਾਦ ਸਕੀਮ ਤਹਿਤ ਦਲਿਤ ਸੱਜਵਿਆਹੀਆਂ ਲਈ ਗਰਾਂਟ ਜਾਰੀ ਨਾ ਕਰਕੇ ਅਤੇ ਐਸਸੀ ਸਕਾਲਰਸ਼ਿਪ ਸਕੀਮ ਤਹਿਤ ਦਿੱਤੀ ਜਾਂਦੀ ਗਰਾਂਟ ਨੂੰ ਘਟਾ ਕੇ ਦਲਿਤਾਂ ਨਾਲ ਵਿਤਕਰਾ ਕਰਨ ਲਈ ਕਾਂਗਰਸ ਸਰਕਾਰ ਨੂੰ ਬੁਰੀ ਤਰ੍ਹਾਂ ਫਟਕਾਰਿਆ ਹੈ।

ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਰਿਪੋਰਟਾਂ ਦੇ ਅਨੁਸਾਰ 33,678 ਦਲਿਤ ਸੱਜਵਿਆਹੀਆਂ ਅਸ਼ੀਰਵਾਦ ਸਕੀਮ ਤਹਿਤ ਜਾਰੀ ਕੀਤੇ ਜਾਣ ਵਾਲੀ ਗਰਾਂਟ ਦੀ ਉਡੀਕ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਸਕੀਮ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਗਨ ਸਕੀਮ ਵਜੋਂ ਲਾਗੂ ਕੀਤਾ ਗਿਆ ਸੀ।

ਦਲਿਤਾਂ ਨਾਲ ਦੋ ਵਾਰ ਵਿਸ਼ਵਾਸ਼ਘਾਤ ਕਰਨ ਲਈ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਸ਼ੀਰਵਾਦ ਸਕੀਮ ਤਹਿਤ ਸ਼ਗਨ ਦੀ ਰਾਸ਼ੀ ਵਧਾ ਕੇ 51 ਹਜ਼ਾਰ ਰੁਪਏ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤਕ ਕੋਈ ਵਾਧਾ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਉਲਟਾ ਇਹ ਹਾਲਤ ਹੈ ਕਿ ਸਰਕਾਰ ਦੁਆਰਾ ਲਾਭਪਾਤਰੀਆਂ ਨੂੰ 21 ਹਜ਼ਾਰ ਰੁਪਏ ਦੀ ਰਾਸ਼ੀ ਵੀ ਜਾਰੀ ਨਹੀਂ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: SIT ਕਮਲਨਾਥ ਖ਼ਿਲਾਫ ਦੁਬਾਰਾ ਜਾਂਚ ਖੋਲ੍ਹੇਗੀ: ਅਕਾਲੀ ਦਲ

ਉਹਨਾਂ ਕਿਹਾ ਕਿ ਇਸ ਨਾਲ ਉਹਨਾਂ ਮਾਪਿਆਂ ਨੂੰ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹਨਾਂ ਨੇ ਸਰਕਾਰ ਕੋਲੋਂ ਇਹ ਗਰਾਂਟ ਮਿਲਣ ਦੀ ਉਮੀਦ ਵਿਚ ਆਪਣੀਆਂ ਧੀਆਂ ਦੇ ਵਿਆਹਾਂ ਲਈ ਕਰਜ਼ੇ ਚੁੱਕ ਲਏ ਸਨ।

ਰਣੀਕੇ ਨੇ ਐਸਸੀ ਸਕਾਲਰਸ਼ਿਪ ਸਕੀਮ ਤਹਿਤ ਵਜ਼ੀਫਾ ਫੀਸ ਘਟਾਉਣ ਲਈ ਸਰਕਾਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪ੍ਰਾਈਵੇਟ ਕਾਲਜਾਂ ਵਿਚ ਦਾਖ਼ਲਾ ਲੈਣ ਸਮੇਂ ਦਲਿਤ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਐਸਸੀ ਸਕਾਲਰਸ਼ਿਪ ਸਕੀਮ ਤਹਿਤ ਸਰਕਾਰ ਪ੍ਰਾਈਵੇਟ ਕਾਲਜਾਂ ਵਿਚ ਵੱਖ ਵੱਖ ਕੋਰਸਾਂ ਦੀ ਸਾਰੀ ਫੀਸ ਅਦਾ ਕਰਦੀ ਸੀ, ਪਰੰਤੂ ਹੁਣ ਇਹ ਪ੍ਰਾਈਵੇਟ ਕਾਲਜਾਂ ਨੂੰ ਸਿਰਫ ਉੰਨੀ ਫੀਸ ਹੀ ਅਦਾ ਕਰ ਰਹੀ ਹੈ, ਜਿੰਨੀ ਸਰਕਾਰੀ ਕਾਲਜਾਂ ਵੱਲੋਂ ਵੱਖ ਵੱਖ ਕੋਰਸਾਂ ਵਾਸਤੇ ਲਈ ਜਾਂਦੀ ਹੈ।

ਸਾਬਕਾ ਮੰਤਰੀ ਨੇ ਕਿਹਾ ਕਿ ਦਾਖਲੇ ਸਮੇਂ ਵਿਦਿਆਰਥੀਆਂ ਨੂੰ ਵਾਧੂ ਫੀਸ ਤੁਰੰਤ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜੇਕਰ ਉਹ ਅਜਿਹਾ ਨਹੀਂ ਕਰ ਪਾਉਂਦੇ ਤਾਂ ਉਹਨਾਂ ਨੂੰ ਦਾਖਲੇ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਨਿੱਜੀ ਤੌਰ ਤੇ ਦਖ਼ਲ ਦੇਣ ਲਈ ਆਖਦਿਆਂ ਰਣੀਕੇ ਨੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਕੀਤਾ ਜਾਂਦਾ ਸੀ, ਪ੍ਰਾਈਵੇਟ ਕਾਲਜਾਂ ਨੂੰ ਸਾਰੇ ਕੋਰਸਾਂ ਦੀ ਸਮੁੱਚੀ ਫੀਸ ਅਦਾ ਕੀਤੀ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਇਸ ਦੇ ਨਾਲ ਕਾਲਜ ਪ੍ਰਬੰਧਕਾਂ ਨੂੰ ਨਿਰਦੇਸ਼ ਦੇਣਾ ਚਾਹੀਦਾ ਹੈ ਕਿ ਉਹ ਦਲਿਤ ਵਿਦਿਆਰਥੀਆਂ ਨਾਲ ਵਿਤਕਰਾ ਨਾ ਕਰਨ ਅਤੇ ਉਹਨਾਂ ਨੂੰ ਦਾਖਲੇ ਦੀ ਫੀਸ ਐਡਵਾਂਸ ਵਿਚ ਦੇਣ ਲਈ ਮਜ਼ਬੂਰ ਨਾ ਕਰਨ, ਜਿਸ ਤਰ੍ਹਾਂ ਕਿ ਹੁਣ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਕਾਲਜ ਇਹ ਫੀਸ ਇਸ ਲਈ ਮੰਗ ਰਹੇ ਹਨ, ਕਿਉਂਕਿ ਕੇਂਦਰ ਕੋਲੋਂ ਹਾਸਿਲ ਕੀਤੀ ਐਸਸੀ ਸਕਾਲਰਸ਼ਿਪ ਫੀਸ ਅਜੇ ਤੀਕ ਕਾਲਜਾਂ ਨੂੰ ਨਹੀਂ ਦਿੱਤੀ ਗਈ ਹੈ। ਉਹਨਾਂ ਮੰਗ ਕੀਤੀ ਕਿ ਐਸਸੀ ਸਕਾਲਰਸ਼ਿਪ ਫੀਸ ਦਾ ਬਕਾਇਆ ਤੁਰੰਤ ਕਾਲਜਾਂ ਨੂੰ ਜਾਰੀ ਕੀਤਾ ਜਾਵੇ।

-PTC News

Related Post