ਸੁਖਬੀਰ ਸਿੰਘ ਬਾਦਲ ਵੱਲੋਂ ਸੀਐਲਯੂ ਕੇਸ 'ਚ ਬਲਬੀਰ ਸਿੱਧੂ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ

By  Jashan A December 16th 2019 06:46 PM

ਸੁਖਬੀਰ ਸਿੰਘ ਬਾਦਲ ਵੱਲੋਂ ਸੀਐਲਯੂ ਕੇਸ 'ਚ ਬਲਬੀਰ ਸਿੱਧੂ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ

ਕਿਹਾ ਕਿ ਮੰਤਰੀ ਨੇ ਕਿਸਾਨਾਂ ਨੂੰ ਲੁੱਟਣ ਅਤੇ ਆਪਣੇ ਪਰਿਵਾਰ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ

ਕਿਹਾ ਕਿ ਕਾਂਗਰਸੀ ਆਗੂ ਦੀਆਂ ਸਰਕਾਰੀ ਖਜ਼ਾਨੇ ਨੂੰ ਮੋਟਾ ਚੂਨਾ ਲਾਉਣ ਵਾਲੀਆਂ ਗੈਰਕਾਨੂੰਨੀ ਕਾਰਵਾਈਆਂ ਦਾ ਪਰਦਾਫਾਸ਼ ਕਰਨ ਲਈ ਸੀਬੀਆਈ ਜਾਂਚ ਦੀ ਲੋੜ ਹੈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਦੇ ਇੱਕ ਕੇਸ 'ਚ ਕਿਸਾਨਾਂ ਨੂੰ ਲੁੱਟਣ ਅਤੇ ਆਪਣੇ ਪਰਿਵਾਰ ਨੂੰ ਫਾਇਦਾ ਪਹੁੰਚਾਉਣ ਲਈ ਆਪਣੇ ਸਰਕਾਰੀ ਰੁਤਬੇ ਦੀ ਦੁਰਵਰਤੋਂ ਕਰਨ ਵਾਸਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਖ਼ਿਲਾਫ ਇੱਕ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਉਹਨਾਂ ਇਹ ਵੀ ਕਿਹਾ ਕਿ ਕਾਂਗਰਸੀ ਆਗੂ ਦੀਆਂ ਗੈਰਕਾਨੂੰਨੀ ਕਾਰਵਾਈਆਂ ਦਾ ਪਰਦਾਫਾਸ਼ ਕਰਨ ਲਈ ਸੀਬੀਆਈ ਜਾਂਚ ਕਰਵਾਉਣ ਦੀ ਲੋੜ ਹੈ, ਜਿਹਨਾਂ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪੁੱਜਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਖੇਤੀਬਾੜੀ ਵਾਲੀ ਜ਼ਮੀਨ ਨੂੰ ਗੈਰਕਾਨੂੰਨੀ ਢੰਗ ਨਾਲ ਉਦਯੋਗਿਕ ਅਤੇ ਰਿਹਾਇਸ਼ੀ ਜ਼ਮੀਨ ਵਿਚ ਤਬਦੀਲ ਕਰਵਾਉਣ ਲਈ ਬਲਬੀਰ ਸਿੱਧੂ ਖ਼ਿਲਾਫ ਐਫਆਈਆਰ ਦਰਜ ਹੋਣੀ ਚਾਹੀਦੀ ਹੈ।

ਬਾਦਲ ਨੇ ਕਿਹਾ ਕਿ ਮੰਤਰੀ ਨੇ ਸਿਰਫ ਕਿਸਾਨਾਂ ਨਾਲ ਹੀ ਠੱਗੀ ਨਹੀਂ ਕੀਤੀ ਹੈ, ਸਗੋਂ ਸੰਬੰਧਿਤ ਐਕਟ ਦੇ ਸਾਰੇ ਨਿਯਮਾਂ ਨੂੰ ਛਿੱਕੇ ਉੱਤੇ ਟੰਗਦਿਆਂ ਖੇਤੀਬਾੜੀ ਵਾਲੀ ਜ਼ਮੀਨ ਨੂੰ ਕਮਰਸ਼ੀਅਲ ਕੈਟਾਗਰੀ ਵਿਚ ਤਬਦੀਲ ਕਰਵਾਉਣ ਲਈ ਆਪਣੇ ਅਹੁਦੇ ਦੀ ਵੀ ਦੁਰਵਰਤੋਂ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀ ਖ਼ਿਲਾਫ ਇਹਨਾਂ ਗੈਰਕਾਨੂੰਨੀ ਕਾਰਵਾਈਆਂ ਲਈ ਇੱਕ ਵੱਖਰਾ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

ਹੋਰ ਪੜ੍ਹੋ: ਸਿਰਫ ਰੰਧਾਵਾ ਦੀ ਬਰਖ਼ਾਸਤਗੀ ਹੀ ਭਗਵਾਨਪੁਰੀਆ ਦੇ ਫਿਰੌਤੀ ਰੈਕਟ ਦਾ ਪਰਦਾਫਾਸ਼ ਕਰ ਸਕਦੀ ਹੈ: ਸ਼੍ਰੋਮਣੀ ਅਕਾਲੀ ਦਲ

ਇਸ ਮਾਮਲੇ ਦੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਕੈਬਨਿਟ ਮੰਤਰੀ ਦੇ ਭਰਾ ਨੂੰ ਫਾਇਦਾ ਪਹੁੰਚਾਉਣ ਲਈ ਪਿੰਡ ਮਾਣਕਪੁਰ ਕਲਾਰ ਵਿਚ ਖੇਤੀਬਾੜੀ ਵਾਲੀ ਜ਼ਮੀਨ ਨੂੰ ਹੇਰਾਫੇਰੀ ਨਾਲ ਉਦਯੋਗਿਕ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਪਿੰਡ ਮਾਣਕਪੁਰ ਕਲਾਰ ਦੀ 68 ਏਕੜ ਜ਼ਮੀਨ ਚੈਸਟਰ ਇਨਫਰਾਸਟਰੱਕਚਰ ਐਸੋਸੀਏਟਸ ਨਾਂ ਦੀ ਇੱਕ ਕੰਪਨੀ ਵੱਲੋਂ ਖਰੀਦੀ ਗਈ ਸੀ, ਜਿਸ ਵਿਚ ਮੰਤਰੀ ਦਾ ਭਰਾ ਅਮਰਜੀਤ ਸਿੰਘ ਸਿੱਧੂ ਹਿੱਸੇਦਾਰ ਹੈ।

ਉਹਨਾਂ ਦੱਸਿਆ ਕਿ ਮੰਤਰੀ ਨੇ ਟਾਊਨ ਪਲੈਨਿੰਗ ਬੋਰਡ ਅੰਦਰ ਆਪਣਾ ਰਸੂਖ ਵਰਤਦਿਆਂ ਆਪਣੇ ਭਰਾ ਨੂੰ ਵਿੱਤੀ ਲਾਭ ਪਹੁੰਚਾਉਣ ਲਈ ਇਸ ਖੇਤੀਬਾੜੀ ਵਾਲੀ ਜ਼ਮੀਨ ਨੂੰ ਉਦਯੋਗਿਕ ਜ਼ਮੀਨ ਵਿਚ ਤਬਦੀਲ ਕਰਵਾ ਲਿਆ ਹੈ। ਇਸ ਤਰ੍ਹਾਂ ਉਸ ਨੇ ਸਰਕਾਰੀ ਖਜ਼ਾਨੇ ਅਤੇ ਕਿਸਾਨਾਂ ਦੋਵਾਂ ਨੂੰ ਲੁੱਟਿਆ ਹੈ।

ਇਹ ਟਿੱਪਣੀ ਕਰਦਿਆਂ ਕਿ ਜੇਕਰ ਇਸ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਕਰਵਾਉਣੀ ਸੀ ਤਾਂ ਸਰਕਾਰ ਦੁਆਰਾ ਇਸ ਜ਼ਮੀਨ ਨੂੰ ਕਿਸਾਨਾਂ ਕੋਲੋਂ ਸਿੱਧਾ ਗ੍ਰਹਿਣ ਕੀਤਾ ਜਾ ਸਕਦਾ ਸੀ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਕੰਮ ਸਰਕਾਰ ਜ਼ਿੰਮੇ ਛੱਡਣ ਦੀ ਬਜਾਇ ਕਾਂਗਰਸੀ ਮੰਤਰੀ ਨੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਕਿਸਾਨਾਂ ਅਤੇ ਸਰਕਾਰੀ ਪ੍ਰਸਾਸ਼ਨ ਦੋਵਾਂ ਨੂੰ ਹਨੇਰੇ ਵਿਚ ਰੱਖਿਆ ਹੈ।

ਉਹਨਾਂ ਕਿਹਾ ਕਿ ਟਾਊਨ ਪਲੈਨਿੰਗ ਬੋਰਡ ਨੇ 22ਫਰਵਰੀ 2018 ਨੂੰ ਆਪਣੀ 34ਵੀਂ ਮੀਟਿੰਗ ਵਿਚ ਇਸ ਲਈ ਸਹਿਮਤੀ ਦਿੱਤੀ ਸੀ ਕਿ ਪਿੰਡ ਕੁਰ੍ਹਾ ਅਤੇ ਸੇਖਾਂ ਮਾਜਰਾ ਦੇ ਨਾਲ ਪਿੰਡ ਮਾਣਕਪੁਰ ਕਲਾਰ ਦੀ ਖੇਤੀਬਾੜੀ ਵਾਲੀ ਜ਼ਮੀਨ ਨੂੰ ਰਿਹਾਇਸ਼ੀ ਜ਼ੋਨ ਵਿਚ ਤਬਦੀਲ ਕੀਤਾ ਜਾਵੇ। ਇਸ ਸੰਬੰਧੀ 12 ਅਪ੍ਰੈਲ 2018 ਨੂੰ ਇੱਕ ਜਨਤਕ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਟੰਗੋਰੀ ਵਿਖੇ ਖੇਤੀਬਾੜੀ ਵਾਲੀ ਜ਼ਮੀਨ ਨੂੰ ਰਿਹਾਇਸ਼ੀ ਜੋæਨ ਵਿਚ ਤਬਦੀਲ ਕਰਨ ਲਈ ਬਨੂੜ ਦੇ ਮਾਸਟਰ ਪਲੈਨ ਵਿਚ ਸੋਧ ਕੀਤੀ ਗਈ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵੱਡੀ ਹੇਰਾਫੇਰੀ ਲਈ ਕਾਂਗਰਸੀ ਮੰਤਰੀ ਖ਼ਿਲਾਫ ਸਖ਼ਤ ਕਾਰਵਾਈ ਕਰਨ ਲਈ ਆਖਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਸੂਬੇ ਅੰਦਰ ਮਾਫੀਆ ਰਾਜ-ਰੇਤ ਮਾਫੀਆ, ਭੂ ਮਾਫੀਆ ਅਤੇ ਸ਼ਰਾਬ ਮਾਫੀਆ- ਕਾਂਗਰਸੀ ਮੰਤਰੀਆਂ ਅਤੇ ਆਗੂਆਂ ਦੀ ਖੁੱਲ੍ਹੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵੱਡੀ ਧੋਖਾਧੜੀ ਲਈ ਸਿੱਧੂ ਨੂੰ ਬਰਖਾਸਤ ਕਰਨ ਤੋਂ ਇਲਾਵਾ ਉਸ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਜਾਂਚ ਕਰਵਾਈ ਜਾਵੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਇਸ ਕੇਸ 'ਚ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੇ ਨਾਲ ਡਟ ਕੇ ਖੜੇਗਾ।

-PTC News

Related Post