ਪੰਜਾਬ ਸਰਕਾਰ ਵੱਲੋਂ ਦਿਵਿਆਂਗ ਸਕੀਮਾਂ ਦੇ ਲਾਭ ਮਿਊਕੋਰਮਾਈਕੋਸਿਸ ਪੀੜਤਾਂ ਨੂੰ ਵੀ ਦਿੱਤੇ ਜਾਣਗੇ : ਮੁੱਖ ਮੰਤਰੀ

By  Shanker Badra July 20th 2021 05:21 PM

ਚੰਡੀਗੜ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਦਿਵਿਆਂਗ ਵਿਅਕਤੀਆਂ ਲਈ ਮੌਜੂਦਾ ਸਕੀਮਾਂ ਦਾ ਦਾਇਰਾ ਵਧਾਉਂਦੇ ਹੋਏ ਇਨਾਂ ਦੇ ਲਾਭ ਉਨਾਂ ਵਿਅਕਤੀਆਂ ਨੂੰ ਵੀ ਦੇਣ ਦਾ ਐਲਾਨ ਕੀਤਾ ਜੋਕਿ ਮਿਊਕੋਰਮਾਈਕੋਸਿਸ ਕਾਰਨ ਦਿਵਿਆਂਗ (ਸਰੀਰਕ ਤੌਰ ’ਤੇ ਪੀੜਤ) ਹੋ ਗਏ ਹਨ। ਮੁੱਖ ਮੰਤਰੀ ਨੇ ਇਹ ਐਲਾਨ ਵਰਚੁਅਲ ਕਾਨਫਰੰਸ ਰਾਹੀਂ ਸੂਬੇ ਵਿੱਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਕੀਤਾ।

ਉਨਾਂ ਕਿਹਾ ਕਿ ਉਪਰੋਕਤ ਲਾਭ, ਦਿਵਿਆਂਗ ਹੋ ਜਾਣ ਦੇ ਸਰੂਪ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਦਾਨ ਕੀਤੇ ਜਾਣਗੇ। ਮੁੱਖ ਮੰਤਰੀ ਨੇ ਮੈਡੀਕਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਿਊਕੋਰਮਾਈਕੋਸਿਸ ਦੇ ਠੀਕ ਹੋਏ ਮਾਮਲਿਆਂ ਦੀ ਮੁਫ਼ਤ ਜਾਂਚ ਲਈ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਪੋਸਟ ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਜਾਣ।

ਹਾਲਾਂਕਿ ਮਿਊਕੋਰਮਾਈਕੋਸਿਸ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਅਤੇ ਬੀਤੇ ਹਫ਼ਤੇ ਪ੍ਰਤੀਦਿਨ ਸਿਰਫ਼ 3-4 ਮਾਮਲੇ ਹੀ ਸਾਹਮਣੇ ਆਏ ਹਨ, ਪਰ ਫਿਰ ਵੀ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸਥਿਤੀ ਦੀ ਨਿਗਰਾਨੀ ਕੀਤੀ ਜਾਵੇ ਅਤੇ ਕੋਵਿਡ ਤੋਂ ਠੀਕ ਹੋ ਰਹੇ ਮਰੀਜਾਂ ’ਤੇ ਨਜ਼ਰ ਰੱਖੀ ਜਾਵੇ। ਸਿਹਤ ਸਕੱਤਰ ਹੁਸਨ ਲਾਲ ਨੇ ਮੀਟਿੰਗ ਮੌਕੇ ਜਾਣਕਾਰੀ ਦਿੱਤੀ ਕਿ ਐਮਫੋਟੈਰੀਸਿਨ ਬੀ ਦੇ ਟੀਕੇ ਨਾਲ ਥਰੈਪੀ ਤੋਂ ਬਾਅਦ 3-6 ਮਹੀਨਿਆਂ ਲਈ ਪੋਸਾਕੋਨਾਜ਼ੋਲ ਦੀ ਗੋਲੀ ਲੈਣਾ ਜਾਰੀ ਰੱਖਿਆ ਜਾਣਾ ਚਾਹੀਦਾ ਹੈ।

-PTCNews

Related Post