ਅੱਜ ਤੋਂ ਸੜਕਾਂ 'ਤੇ ਦੌੜਨਗੀਆਂ ਸਰਕਾਰੀ ਬੱਸਾਂ , ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ

By  Shanker Badra May 20th 2020 11:51 AM -- Updated: May 20th 2020 11:55 AM

ਅੱਜ ਤੋਂ ਸੜਕਾਂ 'ਤੇ ਦੌੜਨਗੀਆਂ ਸਰਕਾਰੀ ਬੱਸਾਂ , ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ:ਚੰਡੀਗੜ੍ਹ : ਪੰਜਾਬ ਵਿੱਚ ਪੀਆਰਟੀਸੀ ਵੱਲੋਂ ਅੱਜ ਸਵੇਰੇ 7 ਵਜੇ ਤੋਂ 9 ਡਿਪੂਆਂ ਦੀਆਂ 80 ਰੂਟਾਂ 'ਤੇ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਵਿਚ 50 ਫ਼ੀਸਦੀ ਸਵਾਰੀਆਂ ਨਾਲ ਬੱਸਾਂ ਚਲਾਈਆਂ ਗਈਆਂ ਹਨ। ਇਸ ਦੌਰਾਨ ਸ਼ਾਮ ਸੱਤ ਵਜੇ ਤੋਂ ਬਾਅਦ ਕੋਈ ਬੱਸ ਨਹੀਂ ਚੱਲੇਗੀ। ਪ੍ਰਾਈਵੇਟ ਬੱਸਾਂ ਨੂੰ ਚਲਾਉਣ ਦੀ ਅਜੇ ਇਜਾਜ਼ਤ ਨਹੀਂ ਦਿੱਤੀ ਗਈ ,ਇਸ 'ਤੇ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਲੈਣਗੇ। ਇਸ ਦੌਰਾਨ ਅੱਜ ਲੁਧਿਆਣਾ ਡਿਪੂ ਤੋਂ 9 ਰੂਟਾਂ, ਪਟਿਆਲਾ ਡਿਪੂ ਤੋਂ 16 ਰੂਟਾਂ, ਸੰਗਰੂਰ ਡਿਪੂ ਤੋਂ 11 ਰੂਟਾਂ, ਚੰਡੀਗੜ੍ਹ ਡਿਪੂ ਤੋਂ 6 ਰੂਟਾਂ, ਬਰਨਾਲਾ ਡਿਪੂ ਤੋਂ 7 ਰੂਟਾਂ, ਬਠਿੰਡਾ ਡਿਪੂ ਤੋਂ 9 ਰੂਟਾਂ, ਫ਼ਰੀਦਕੋਟ ਡਿਪੂ ਤੋਂ 6 ਰੂਟਾਂ, ਬੁਢਲਾਡਾ ਡਿਪੂ ਤੋਂ 10 ਰੂਟਾਂ, ਕਪੂਰਥਲਾ ਡਿਪੂ ਤੋਂ 6 ਰੂਟਾਂ ਤੋਂ ਬੱਸ ਸੇਵਾ ਚਾਲੂ ਕੀਤੀ ਗਈ ਹੈ ਪਰ ਅੰਤਰਰਾਜੀ ਬੱਸ ਸੇਵਾ ਅਜੇ ਸ਼ੁਰੂ ਨਹੀਂ ਕੀਤੀ ਗਈ। ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਜ਼ੀਰਕਪੁਰ, ਮੋਹਾਲੀ ਤੱਕ ਹੀ ਜਾ ਸਕਦੀਆਂ ਹਨ ,ਕਿਉਂਕਿ ਅਜੇ ਚੰਡੀਗੜ੍ਹ 'ਚ ਬੱਸਾਂ ਦੀ ਐਂਟਰੀ ਨਹੀਂ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਚੰਡੀਗੜ੍ਹ 'ਚ ਵੜਨ ਦੀ ਅਜੇ ਮਨਜ਼ੂਰੀ ਨਹੀਂ ਮਿਲੀ। ਇਸ ਫੈਸਲੇ ਦੇ ਮੁਤਾਬਕ ਮੋਹਾਲੀ ਦੇ ਫੇਜ਼-8 ਸਥਿਤ ਪੁਰਾਣੇ ਬੱਸ ਅੱਡੇ ਤੋਂ ਵੀ ਬੁੱਧਵਾਰ ਸਵੇਰ ਨੂੰ ਬੱਸਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੱਸ ਸਰਵਿਸ ਕਿਸੇ ਵੀ ਰੂਟ 'ਤੇ ਉਸ ਦੇ ਸ਼ੁਰੂਆਤੀ ਅੱਡੇ ਤੋਂ ਆਖਰੀ ਅੱਡੇ ਤੱਕ ਹੀ ਚਲਾਈ ਜਾਵੇਗੀ ਅਤੇ ਇਸ ਦਰਮਿਆਨ ਆਉਂਦੇ ਕਿਸੇ ਵੀ ਬੱਸ ਅੱਡੇ ਉੱਪਰ ਖੜੀ ਸਵਾਰੀ ਬੱਸ ਵਿੱਚ ਨਹੀਂ ਚੜਾਈ ਜਾਵੇਗੀ ਅਤੇ ਜ਼ਿਲ੍ਹੇ ਦੇ ਹੈੱਡਕੁਆਟਰ ਤੇ ਹੀ ਸਵਾਰੀਆਂ ਨੂੰ ਉਤਾਰਿਆ ਜਾਵੇਗਾ। ਬੱਸ ਚ ਚੜ੍ਹਨ ਤੋਂ ਪਹਿਲਾਂ ਹੀ ਸਵਾਰੀਆਂ ਦੀਆਂ ਟਿਕਟਾਂ ਅਡਵਾਂਸ ਬੁਕਿੰਗ ਜਾਂ ਕੰਡਕਟਰ ਵਲੋਂ ਹੀ ਬੱਸ ਸਟੈਂਡ ਤੇ ਕੱਟੀਆਂ ਜਾਣ ਅਤੇ ਫ਼ਰੀ ਜਾਂ ਰਿਆਇਤੀ ਦਰਾਂ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਇੰਦਰਾਜ ਵੀ ਮੌਕੇ ਤੇ ਬੱਸ ਸਟੈਂਡ ਤੇ ਕਰਨਾ ਯਕੀਨੀ ਬਣਾਇਆ ਜਾਵੇ। ਇਨ੍ਹਾਂ ਬੱਸਾਂ ਵਿਚ ਸਰੀਰਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ 50 ਫ਼ੀਸਦੀ ਸਵਾਰੀਆਂ ਹੀ ਬਿਠਾਈਆਂ ਜਾਣਗੀਆਂ। ਇਸ ਦੌਰਾਨ ਟਿਕਟ ਕੱਟਣ ਤੇ ਬੈਠਣ ਸਮੇਂ ਸਮਾਜਿਕ ਦੂਰੀ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਸਵਾਰੀਆਂ ਲਈ ਮਾਸਕ ਪਹਿਨਣਾ ਵੀ ਜ਼ਰੂਰੀ ਹੋਵੇਗਾ। ਮਾਸਕ ਤੋਂ ਬਿਨਾਂ ਬੱਸ ਵਿਚ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।ਡਰਾਈਵਰ ਦੇ ਕੈਬਿਨ ਤੇ ਸਵਾਰੀਆਂ ਵਿਚਕਾਰ ਸ਼ੀਸ਼ਾ ਜਾਂ ਪਲਾਸਟਿਕ ਦੀ ਸ਼ੀਟ ਲਾਈ ਜਾਵੇਗੀ। ਕੰਡਕਟਰ ਵਲੋਂ ਟਿਕਟਾਂ ਕੱਟਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਬਣ -ਪਾਣੀ ਨਾਲ ਹੱਥ ਧੋਤੇ ਜਾਣ। ਯਾਤਰਾ ਦੌਰਾਨ ਸਾਰੇ ਯਾਤਰੀਆਂ ਨੂੰ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਡਰਾਈਵਰ ਵੱਲੋਂ ਦਿੱਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। -PTCNews

Related Post