ਪੰਜਾਬ 'ਚ ਪੰਜਾਬੀ ਬੋਲੀ ਨਾਲ ਵਿਤਕਰਾ ਕਿਉਂ , ਪੰਜਾਬੀ ਭਾਸ਼ਾ ਨੂੰ ਗ਼ਲਤ ਸ਼ਬਦਾਵਲੀ ਨਾਲ ਕਿਉਂ ਲਿਖਿਆ ?

By  Shanker Badra May 30th 2020 02:48 PM

ਪੰਜਾਬ 'ਚ ਪੰਜਾਬੀ ਬੋਲੀ ਨਾਲ ਵਿਤਕਰਾ ਕਿਉਂ , ਪੰਜਾਬੀ ਭਾਸ਼ਾ ਨੂੰ ਗ਼ਲਤ ਸ਼ਬਦਾਵਲੀ ਨਾਲ ਕਿਉਂ ਲਿਖਿਆ ?:ਚੰਡੀਗੜ੍ਹ : ਪੰਜਾਬ ਅੰਦਰ ਨੈਸ਼ਨਲ ਹਾਈਵੇਜ਼ ਉੱਤੇ ਲਗਾਏ ਸੰਕੇਤਕ ਬੋਰਡਾਂ ਉੱਤੇ ਸਭ ਤੋਂ ਉਪਰ ਪੰਜਾਬੀ ਦੀ ਥਾਂ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਵਿੱਚ ਨਾਮ ਲਿਖਕੇ ਸਾਡੀ ਮਾਂ ਬੋਲੀ ਪੰਜਾਬੀ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਬੋਰਡਾਂ ਉੱਤੇ ਸਭ ਤੋਂ ਉੱਤੇ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਣਾ ਚਾਹੀਦਾ ਹੈ ,ਜਦਕਿ ਦੂਜੀਆਂ ਭਾਸ਼ਾਵਾਂ ਵਿੱਚ ਨਾਮ ਹੇਠਾਂ ਲਿਖੇ ਜਾਣੇ ਚਾਹੀਦੇ ਹਨ ਪਰ ਅਜਿਹਾ ਹੋ ਨਹੀਂ ਰਿਹਾ।

ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਨੂੰ ਪੰਜਾਬ ਸਰਕਾਰ ਵਲੋਂ ਹਿਦਾਇਤਾਂ ਵੀ ਦਿਤੀਆਂ ਹੋਈਆਂ ਹਨ ਕਿ ਚਿੱਠੀ ਪੱਤਰ ਸਮੇਂ ਉਹ ਪੰਜਾਬੀ ਭਾਸ਼ਾ ਦਾ ਹੀ ਪ੍ਰਯੋਗ ਕਰਨ ਪਰ ਫਿਰ ਵੀ ਉੱਚ ਅਧਿਕਾਰੀ ਪੰਜਾਬੀ ਭਾਸ਼ਾ ਦੀ ਥਾਂ ਅੰਗ੍ਰੇਜ਼ੀ ਭਾਸ਼ਾ ਵਿਚ ਚਿੱਠੀ ਪੱਤਰ ਲਿਖਣ ਨੂੰ ਤਰਜੀਹ ਦਿੰਦੇ ਹਨ। ਇਨ੍ਹਾਂ ਹੀ ਮਾਰਗਾਂ ਤੇ ਕਸਬਿਆਂ ਦੇ ਨਾਵਾਂ ਨੂੰ ਦਰਸਾਉਂਦੇ ਸਾਈਨ ਬੋਰਡ 'ਚ ਪੰਜਾਬੀ ਭਾਸ਼ਾ ਨੂੰ ਗ਼ਲਤ ਸ਼ਬਦਾਵਲੀ ਨਾਲ ਲਿਖਿਆ ਗਿਆ ਹੈ।

ਇਸ ਦੌਰਾਨ ਰਈਆ ਤੋਂ ਅੰਮ੍ਰਿਤਸਰ ਜਾਂਦਿਆਂ ਰਸਤੇ ਵਿਚ ਰਈਆ, ਖਿਲਚੀਆ ਅਤੇ ਟਾਂਗਰਾ ਕਸਬਿਆਂ ਨੂੰ ਦਰਸਾਉਂਦੇ ਹੋਏ ਸਾਈਨ ਬੋਰਡ ਲਗੇ ਹੋਏ ਹਨ, ਜਿਸਦੀ ਸ਼ਬਦਾਵਲੀ ਗ਼ਲਤ ਹੈ। ਇਸ ਨੂੰ ਦੇਖਣ ਤੋਂ ਲੱਗ ਰਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ,ਜਿਸ 'ਤੇ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।

ਦੱਸ ਦੇਈਏ ਕਿ ਭਾਰਤ ਵਿਚ ਵੱਖ -ਵੱਖ ਬੋਲੀਆਂ ਪ੍ਰਚਲਿਤ ਹਨ,ਅਲੱਗ -ਅਲੱਗ ਸੂਬਿਆਂ ਵਿਚ ਅਲੱਗ-ਅਲੱਗ ਬੋਲੀਆਂ ਬੋਲੀਆਂ ਜਾਂਦੀਆਂ ਹਨ। ਹਰ ਵਿਅਕਤੀ ਆਪਣੀ ਮਾਂ ਬੋਲੀ ਵਿਚ ਗੱਲ ਕਰਨ ਵਿਚ ਸਰਲਤਾ ਅਤੇ ਸਹਿਜ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਹੀ ਸਾਡੀ ਹਰਮਨ- ਪਿਆਰੀ ਬੋਲੀ ਹੈ, ਸਾਡੀ ਮਾਂ ਬੋਲੀ ਪੰਜਾਬੀ । ਅੱਜ ਵੀ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਹੈ।

-PTCNews

Related Post