ਰਜਿੰਦਰਾ ਹਸਪਤਾਲ ’ਚ ਮਰੀਜ਼ ਦੇ ਵਾਰਸਾਂ ਵੱਲੋਂ ਡਾਕਟਰ ’ਤੇ ਜਾਨਲੇਵਾ ਹਮਲਾ, ਮਾਮਲਾ ਦਰਜ

ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਇਕ ਮਰੀਜ਼ ਦੇ ਵਾਰਸਾ ਵੱਲੋਂ ਡਿਊਟੀ ’ਤੇ ਤਾਇਨਾਤ ਡਾਕਟਰ ’ਤੇ ਜਾਨਲੇਵਾ ਹਮਲਾ ਕਰਦਿਆਂ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਡਾਕਟਰ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

By  Jasmeet Singh January 31st 2023 06:26 PM

ਪਟਿਆਲਾ, 31 ਜਨਵਰੀ (ਗਗਨਦੀਪ ਸਿੰਘ ਅਹੂਜਾ): ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਇਕ ਮਰੀਜ਼ ਦੇ ਵਾਰਸਾ ਵੱਲੋਂ ਡਿਊਟੀ ’ਤੇ ਤਾਇਨਾਤ ਡਾਕਟਰ ’ਤੇ ਜਾਨਲੇਵਾ ਹਮਲਾ ਕਰਦਿਆਂ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਡਾਕਟਰ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਸਰੇ ਪਾਸੇ ਡਾਕਟਰਾਂ ਵੱਲੋਂ ਆਪਣੀ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨਾਲ ਹੀ ਡਾਕਟਰਾਂ ਦੀ ਸਮੂਹ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 24 ਘੰਟੇ ਅੰਦਰ ਸਾਰੇ ਮੁਲਜ਼ਮ ਗ੍ਰਿਫਤਾਰ ਨਹੀਂ ਹੁੰਦੇ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਪੀ.ਸੀ.ਐਮ.ਐਸ. ਐਸੋਸ਼ੀਏਸ਼ਨ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਈ.ਐਨ.ਟੀ. ਵਿਭਾਗ ਵਿੱਚ ਡਿਊਟੀ ’ਤੇ ਤਾਇਨਾਤ ਪੀ.ਸੀ.ਐਮ.ਐਸ. ਮੈਡੀਕਲ ਅਫ਼ਸਰ ਡਾ. ਰਾਓ ਵਰਿੰਦਰ ਸਿੰਘ ਆਪਣੇ ਐਮ.ਡੀ. ਕੋਰਸ ਅਧੀਨ ਸਰਕਾਰੀ ਡਿਊਟੀ 'ਤੇ ਤਾਇਨਾਤ ਸੀ। ਉਸ ’ਤੇ ਡਿਊਟੀ ਦੌਰਾਨ ਮਰੀਜ ਦੇ ਰਿਸਤੇਦਾਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਡਾਕਟਰ ਦੇ ਗੰਭੀਰ ਸੱਟਾਂ ਲੱਗੀਆਂ ਹਨ। ਐਸੋਸੀਏਸ਼ਨ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਹਸਪਤਾਲ ਵਿੱਚ ਅਜਿਹੇ ਮਾਹੌਲ ਕਾਰਨ ਕਿਸੇ ਵੀ ਡਾਕਟਰ ਦੇ ਲਈ ਕੰਮ ਕਰਨਾ ਸੰਭਵ ਨਹੀਂ ਹੋਵੇਗਾ। ਪੀ.ਸੀ.ਐਮ.ਐਸ. ਐਸੋਸ਼ੀਏਸ਼ਨ ਨੇ ਐਸਐਸਪੀ ਤੋਂ ਮੰਗ ਕੀਤੀ ਕਿ ਇਸ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਅਪਰਾਧੀਆਂ ਨੂੰ ਫੜ ਕੇ ਸਖ਼ਤ ਸਜਾ ਦਿੱਤੀ ਜਾਵੇ। ਇੱਥੇ ਐਸੋਸੀਏਸ਼ਨ ਨੇ ਕਿਹਾ ਕਿ ਸਬੰਧਤ ਮੈਡੀਕਲ ਅਫ਼ਸਰ ਡਾ. ਰਾਓ ਵਰਿੰਦਰ ਸਰਕਾਰੀ ਅਦਾਰੇ ਵਿਚ ਤਾਇਨਾਤ ਸੀ, ਜਿਸ ’ਤੇ ਡਿਊਟੀ ਦੌਰਾਨ ਅਜਿਹੀ ਘਟਨਾ ਵਿਚ ਅਦਾਰੇ ਨੂੰ ਪੁਲਿਸ ਨੂੰ ਸ਼ਿਕਾਇਤ ਦੇ ਕੇ.ਐਫ.ਆਈ.ਆਰ ਕਰਵਾਉਣੀ ਬਣਦੀ ਸੀ, ਪਰ ਪ੍ਰਭਾਵਿਤ ਮੈਡੀਕਲ ਅਫ਼ਸਰ ਨੂੰ ਨਿੱਜੀ ਤੌਰ ’ਤੇ ਪੁਲਿਸ ਸ਼ਿਕਾਇਤ ਕਰਨੀ ਪਈ। ਐਸੋਸੀਏਸ਼ਨ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਪੱਤਰ ਸੌਂਪਦਿਆਂ ਕਿਹਾ ਕਿ ਅਦਾਰੇ ਤੇ ਪ੍ਰਸਾਸ਼ਨ ਦੇ ਢਿੱਲੇ ਰਵੱਈਏ ਨਾਲ ਅਪਰਾਧਕ ਪ੍ਰਵਿਰਤੀ ਦੇ ਲੋਕਾਂ ਦੇ ਹੌਸਲੇ ਹੋਰ ਖੁੱਲਣਗੇ। ਹਸਪਤਾਲ ਵਿੱਚ ਦੇਰ ਰਾਤ ਕੰਮ ਕਰ ਰਹੀਆਂ ਔਰਤ ਡਾਕਟਰਾਂ, ਨਰਸਾਂ, ਸਟਾਫ਼ ਆਦਿ ਲਈ ਬੜਾ ਮੁਸ਼ਕਿਲ ਹੋ ਜਾਵੇਗਾ। ਆਹੁਦੇਦਾਰਾਂ ਨੇ ਕਿਹਾ ਕਿ ਪੀ.ਸੀ.ਐਮ.ਐਸ. ਐਸੋਸੀਏਸ਼ਨ ਇਸ ਮੌਕੇ ਰੈਜ਼ੀਡੈਂਟ ਡਾਕਟਰਾਂ ਦੇ ਨਾਲ ਮੋਢਾ ਜੋੜ ਕੇ ਖੜੀ ਹੈ। ਯੋਗ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਰੈਜੀਡੈਂਟ ਡਾਕਟਰਾਂ ਵਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ ਉਸ ਵਿੱਚ ਸਾਥ ਦਿੱਤਾ ਜਾਵੇਗਾ।

Related Post