ਦੀਵਾਲੀ ਮਗਰੋਂ ਪਲੀਤ ਹੋਇਆ ਪੰਜਾਬ ਦਾ ਵਾਤਾਵਰਨ, ਲੋਕਾਂ ਨੂੰ ਸਾਹ ਲੈਣ 'ਚ ਆ ਸਕਦੀ ਦਿੱਕਤ !

By  Jasmeet Singh October 25th 2022 01:12 PM -- Updated: October 25th 2022 02:50 PM

ਚੰਡੀਗੜ੍ਹ, 25 ਅਕਤੂਬਰ: ਦੀਵਾਲੀ ਦੀ ਰਾਤ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿੱਚ ਸਾਹ ਲੈਣਾ ਇੰਝ ਹੋ ਚੁੱਕਿਆ ਜਿਵੇਂ ਜ਼ਹਿਰ ਸੁੰਘਣਾ ਹੋਵੇ। ਰਾਤ ਤੋਂ ਬਾਅਦ ਸੂਬੇ ਦੇ ਸ਼ਹਿਰਾਂ ਦੀ ਹਵਾ ਇੰਨ੍ਹੀ ਪ੍ਰਦੂਸ਼ਿਤ ਹੋ ਚੁੱਕੀ ਕਿ ਇਹ ਦਮੇ ਦੇ ਮਰੀਜ਼ਾਂ ਦੀ ਜਾਨ ਲੈਣ ਦੇ ਨਾਲ ਨਾਲ ਸਿਹਤਮੰਦ ਵਿਅਕਤੀ ਨੂੰ ਬਿਮਾਰ ਕਰ ਸਕਦੀ ਹੈ।

ਪੰਜਾਬ ਵਿਚ ਦੀਵਾਲੀ ਦੀ ਰਾਤ ਨੂੰ ਹਰ ਕਿਸੀ ਨੇ ਪਟਾਕਿਆਂ ਦਾ ਆਨੰਦ ਲਿਆ ਹਾਲਾਂਕਿ ਹਵਾ ਪ੍ਰਦੂਸ਼ਣ ਨੂੰ ਮੁੱਖ ਰੱਖਦੇ ਸੂਬੇ ਦੇ ਵੱਡੇ ਸ਼ਹਿਰਾਂ 'ਚ ਪਟਾਕੇ ਚਲਾਉਣ ਲਈ 2 ਘੰਟੇ ਦੀ ਸਮੇਂ ਸੀਮਾਂ ਨਿਰਧਾਰਿਤ ਕੀਤੀ ਗਈ ਸੀ ਪਰ ਇਸ ਨਾਲ ਹੋਣ ਵਾਲੇ ਪ੍ਰਦੂਸ਼ਣ ਨੇ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (AQI) ਨੂੰ ਰਾਤੋ ਰਾਤ ਬਦ ਤੋਂ ਬਦਤਰ ਕਰ ਦਿੱਤਾ। ਮਾਹਿਰਾਂ ਮੁਤਾਬਕ ਜਿੱਥੇ ਬੀਤੀ ਰਾਤ ਵੇਲੇ AQI 500 ਤੋਂ ਪਾਰ ਚਲਾ ਗਿਆ ਸੀ ਉੱਥੇ ਹੀ ਅਜੇ ਵੀ ਜ਼ਿਆਦਾਤਰ ਸ਼ਹਿਰਾਂ ਦਾ AQI 300 ਤੋਂ ਉੱਪਰ ਚੱਲ ਰਿਹਾ ਹੈ।

ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ 'ਤੇ ਕਾਬੂ ਪਾਉਣ 'ਚ ਕਈ ਦਿਨ ਲੱਗਣਗੇ ਪਰ ਮੀਂਹ ਇਸਨੂੰ ਕਾਫ਼ੀ ਹੱਦ ਤੱਕ ਦਬਾਅ ਸਕਦਾ ਹੈ।

CPCB (ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ) ਦੇ ਹਵਾ ਗੁਣਵੱਤਾ ਮਾਪਦੰਡਾਂ ਦੇ ਅਨੁਸਾਰ, AQI ਨੂੰ ਛੇ ਹਿੱਸਿਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। 0-50 ਦੇ ਵਿਚਕਾਰ AQI ਨੂੰ 'ਚੰਗਾ', 51-100 ਨੂੰ 'ਤਸੱਲੀਬਖਸ਼', 101-200 ਨੂੰ 'ਦਰਮਿਆਨੀ', 201-300 ਨੂੰ 'ਮਾੜਾ', 301-400 ਨੂੰ 'ਬਹੁਤ ਮਾੜਾ' ਅਤੇ 401-500 ਦੇ ਵਿਚਕਾਰ AQI ਨੂੰ 'ਗੰਭੀਰ' ਮੰਨਿਆ ਜਾਂਦਾ ਹੈ।

air_pollution_standard

ਬੀਤੀ ਰਾਤ ਤੋਂ ਪੰਜਾਬ ਦੇ 4 ਪ੍ਰਮੁੱਖ ਸ਼ਹਿਰਾਂ ਦਾ AQI

ਅੰਮ੍ਰਿਤਸਰ - ਰਾਤ 8 ਵਜੇ ਪ੍ਰਦੂਸ਼ਣ 307 AQI ਦਰਜ ਕੀਤਾ ਗਿਆ। ਰਾਤ 10 ਵਜੇ ਇਹ ਵਧ ਕੇ 370 AQI ਹੋ ਗਿਆ। ਬੀਤੇ ਦਿਨ ਦੁਪਹਿਰ 12 ਵਜੇ ਸਭ ਤੋਂ ਉੱਚਾ ਪੱਧਰ 500 AQI ਤੋਂ ਉੱਪਰ ਸੀ। ਜਦੋਂ ਕਿ ਹੁਣ ਸ਼ਹਿਰ ਦਾ ਔਸਤ AQI 283 ਹੈ।

ਜਲੰਧਰ - ਰਾਤ 8 ਵਜੇ AQI 287 ਦਰਜ ਕੀਤਾ ਗਿਆ। ਰਾਤ 10 ਵਜੇ ਇਹ ਵਧ ਕੇ 387 AQI ਹੋ ਗਿਆ। ਜਲੰਧਰ ਦਾ AQI ਵੀ ਰਾਤ 12 ਵਜੇ 500 ਤੋਂ ਉਪਰ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸਵੇਰ ਦਾ AQI 302 ਹੈ, ਜੋ ਸਿਹਤ ਲਈ ਠੀਕ ਨਹੀਂ ਹੈ। ਜਲੰਧਰ ਦੀ ਔਸਤ AQI 243 ਦਰਜ ਕੀਤੀ ਗਈ ਹੈ।

ਲੁਧਿਆਣਾ - ਰਾਤ 9 ਵਜੇ AQI 338 ਰਿਕਾਰਡ ਕੀਤਾ ਗਿਆ। ਰਾਤ 10 ਵਜੇ ਇਹ ਵਧ ਕੇ 406 ਹੋ ਗਿਆ। ਰਾਤ ਦੇ 12 ਵਜੇ ਇਹ AQI 500 ਤੋਂ ਉੱਪਰ ਸੀ। ਸਵੇਰੇ 6 ਵਜੇ ਵੀ AQI 342 ਰਿਹਾ। ਇਸ ਦੇ ਨਾਲ ਹੀ ਔਸਤ AQI 265 'ਤੇ ਚੱਲ ਰਿਹਾ ਹੈ।

ਪਟਿਆਲਾ - ਰਾਤ 10 ਵਜੇ AQI 247 ਦਰਜ ਕੀਤਾ ਗਿਆ। ਇਹ AQI ਰਾਤ 12 ਵਜੇ 391 ਦਰਜ ਕੀਤਾ ਗਿਆ। ਸਵੇਰੇ 6 ਵਜੇ ਤੱਕ 300 AQI ਤੋਂ ਉੱਪਰ 304 ਰਿਕਾਰਡ ਸੀ। ਪਟਿਆਲਾ ਵਿਖੇ ਔਸਤ AQI 226 ਦਰਜ ਕੀਤਾ ਗਿਆ।

- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ

-PTC News

Related Post