ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ ਪਹਿਲੇ ਪਾਤਸ਼ਾਹ ਜੀ ਦੀ ਵਿਚਾਰਧਾਰਾ: ਗਿਆਨੀ ਹਰਪ੍ਰੀਤ ਸਿੰਘ

By  Jashan A March 18th 2019 03:11 PM -- Updated: March 18th 2019 03:12 PM

ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ ਪਹਿਲੇ ਪਾਤਸ਼ਾਹ ਜੀ ਦੀ ਵਿਚਾਰਧਾਰਾ: ਗਿਆਨੀ ਹਰਪ੍ਰੀਤ ਸਿੰਘ

ਰਾਜਸਥਾਨ ਯੂਨੀਵਰਸਿਟੀ ਜੈਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਸੈਮੀਨਾਰ ਕਰਵਾਇਆ

ਅੰਮ੍ਰਿਤਸਰ: ਜੈਪੁਰ ਵਿਖੇ ਸਥਿਤ ਯੂਨੀਵਰਸਿਟੀ ਆਫ਼ ਰਾਜਸਥਾਨ ’ਚ ਸਥਾਪਤ ਸ੍ਰੀ ਗੁਰੂ ਗੋਬਿੰਦ ਸਿੰਘ ਰਾਸ਼ਟਰੀ ਏਕਤਾ ਅਤੇ ਸਿੱਖ ਅਧਿਐਨ ਕੇਂਦਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੋਇਆ।

ਸੈਮੀਨਾਰ ਦੇ ਦੋ ਸੈਸ਼ਨਾਂ ਦੌਰਾਨ ਦੇਸ਼ ਭਰ ਵਿੱਚੋਂ ਪਹੁੰਚੇ ਬੁਲਾਰਿਆਂ ਨੇ ਪਹਿਲੇ ਪਾਤਸ਼ਾਹ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਫਲਸਫੇ ’ਤੇ ਵਿਚਾਰ ਪੇਸ਼ ਕੀਤੇ। ਸੈਮੀਨਾਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਪ੍ਰਥਮ ਹੈ ਅਤੇ ਉਨ੍ਹਾਂ ਦੀ ਵਿਚਾਰਧਾਰਾ ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ।

ਹੋਰ ਪੜ੍ਹੋ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਉਨ੍ਹਾਂ ਸੈਮੀਨਾਰ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੇ ਸੈਮੀਨਾਰਾਂ ਵਿਚ ਸਹਿਯੋਗ ਦੇਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪਹਿਲਕਦਮੀ ਕਰਾਰ ਦਿੱਤਾ।ਸੈਮੀਨਾਰ ਦੌਰਾਨ ਰਾਜਸਥਾਨ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ. ਆਰ. ਕੇ. ਕੋਠਾਰੀ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਪਰਚੇ ਪੜ੍ਹਨ ਵਾਲੇ ਵਿਦਵਾਨਾਂ ਵਿਚ ਪ੍ਰਸਿੱਧ ਵਿਦਵਾਨ ਡਾ. ਜਸਪਾਲ ਸਿੰਘ ਸਾਬਕਾ ਵੀ. ਸੀ., ਡਾ. ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਡਾ. ਬਲਵੰਤ ਸਿੰਘ ਢਿੱਲੋਂ, ਡਾ. ਸਰਬਜਿੰਦਰ ਸਿੰਘ, ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ ਸਕੱਤਰ ਧਰਮ ਪ੍ਰਚਾਰ ਕਮੇਟੀ, ਪ੍ਰੋਫੈਸਰ ਮਹਿੰਦਰ ਸਿੰਘ, ਡਾ. ਮਨਜੀਤ ਸਿੰਘ ਦਿੱਲੀ ਯੂਨੀਵਰਸਿਟੀ, ਸ. ਅਜੈਪਾਲ ਸਿੰਘ ਜੈਪੁਰ, ਐਸ.ਕੇ.ਐਸ. ਬੈਂਸ, ਸ. ਅੰਗਰੇਜ਼ ਸਿੰਘ ਤੇ ਡਾ. ਮਨਜੀਤ ਕੌਰ ਸ਼ਾਮਲ ਸਨ। ਸੈਮੀਨਾਰ ਦੌਰਾਨ ਬੁਲਾਰਿਆਂ ਨੇ ਸਮਾਜਿਕ ਵਿਕਾਸ ਲਈ ਬਾਣੀ ਅਤੇ ਉਨ੍ਹਾਂ ਦੇ ਸਿਧਾਂਤਾਂ ਨੂੰ ਅਮਲ ਵਿਚ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ।

-PTC News

Related Post