ਰਾਕੇਸ਼ ਟਿਕੈਤ ਦਾ ਬਿਆਨ -ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ

By  Riya Bawa September 27th 2021 04:17 PM -- Updated: September 27th 2021 04:20 PM

ਨਵੀਂ ਦਿੱਲੀ - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਰਵੱਈਏ ਨੂੰ ਅਪਣਾਉਂਦੇ ਹੋਏ ਪਿਛਲੇ ਸਾਲ ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕੀਤੇ ਗਏ ਸਨ। ਸੰਯੁਕਤ ਕਿਸਾਨ ਮੋਰਚੇ ਨੇ ਇਨ੍ਹਾਂ ਖੇਤੀ ਕਾਨੂੰਨਾਂ ਦੇ ਇੱਕ ਸਾਲ ਪੂਰੇ ਹੋਣ 'ਤੇ ਅੱਜ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਬੰਦ ਦਾ ਸੱਦਾ ਦਿੱਤਾ ਸੀ , ਜਿਸ ਨੂੰ ਪੰਜਾਬ ਸਮੇਤ ਦੇਸ਼ ਭਰ 'ਚ ਭਰਵਾਂ ਸਮਰਥਨ ਮਿਲਿਆ ਹੈ।

ਇਸ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ ਸੰਯੁਕਤ ਕਿਸਾਨ ਮੋਰਚਾ ਬਣਾਏਗਾ। ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ ਪਰ ਕੋਈ ਗੱਲਬਾਤ ਨਹੀਂ ਹੋ ਰਹੀ।

 

ਇਸ ਦੌਰਾਨ ਰਾਕੇਸ਼ ਟਿਕੈਤ ਨੇ ਗੰਨੇ ਦੀ ਕੀਮਤ ਦਾ ਮੁੱਦਾ ਵੀ ਉਠਾਇਆ ਗਿਆ। ਟਿਕੈਤ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਲੋਕ ਕਹਿੰਦੇ ਸਨ ਕਿ ਉਹ ਗੰਨੇ ਦੀ ਕੀਮਤ 450 ਰੁਪਏ ਦੇਵੇਗਾ ਪਰ ਸਿਰਫ 350 ਰੁਪਏ ਅਦਾ ਕੀਤੇ ਹਨ, ਉਹ ਵੀ 4 ਸਾਲਾਂ ਬਾਅਦ। ਕਿਸਾਨ ਬਿਲਕੁਲ ਖੁਸ਼ ਨਹੀਂ ਹਨ, ਇਹ ਲੋਕ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰਦੇ।

ਕਿਸਾਨਾਂ ਨੇ ਅੱਜ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਜਿਸ ਕਾਰਨ ਕਿਸਾਨ ਆਗੂ ਥਾਂ -ਥਾਂ ਤੋਂ ਹਾਈਵੇ, ਰੇਲਵੇ ਟਰੈਕ ਜਾਮ ਕਰ ਰਹੇ ਹਨ। ਰਾਕੇਸ਼ ਟਿਕੈਤ ਵੀ ਆਪਣੇ ਸਮਰਥਕਾਂ ਨਾਲ ਕਈ ਮੋਰਚਿਆਂ 'ਤੇ ਦਿਖਾਈ ਦਿੱਤੇ। ਭਾਰਤ ਬੰਦ ਦੌਰਾਨ ਕਿਸਾਨਾਂ ਨੇ ਫਿਰ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ।

ਦੱਸ ਦੇਈਏ ਕਿ ਕਈ ਸਿਆਸੀ ਪਾਰਟੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ‘ਭਾਰਤ ਬੰਦ’ ਨੂੰ ਆਪਣਾ ਸਮਰਥਨ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ‘ਬੰਦ’ ਨੂੰ ਆਪਣਾ ਸਮਰਥਨ ਦਿੱਤਾ ਹੈ।

-PTC News

Related Post