ਕੇਜਰੀਵਾਲ ਵੱਲੋਂ ਦਿੱਲੀ ਦੇ ਸਰਕਾਰੀ ਹਸਪਤਾਲ ਕੇਵਲ ਦਿੱਲੀ ਦੇ ਵਸਨੀਕਾਂ ਲਈ ਸੀਮਤ ਕਰਨ ਦਾ ਫੈਸਲਾ ਅਣਮਨੁੱਖੀ : ਸ਼੍ਰੋਮਣੀ ਅਕਾਲੀ ਦਲ

By  Shanker Badra June 8th 2020 07:41 PM

ਕੇਜਰੀਵਾਲ ਵੱਲੋਂ ਦਿੱਲੀ ਦੇ ਸਰਕਾਰੀ ਹਸਪਤਾਲ ਕੇਵਲ ਦਿੱਲੀ ਦੇ ਵਸਨੀਕਾਂ ਲਈ ਸੀਮਤ ਕਰਨ ਦਾ ਫੈਸਲਾ ਅਣਮਨੁੱਖੀ : ਸ਼੍ਰੋਮਣੀ ਅਕਾਲੀ ਦਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਸਰਕਾਰੀ ਹਸਪਤਾਲ ਸਿਰਫ ਦਿੱਲੀ ਦੇ ਵਸਨੀਕਾਂ ਲਈ ਸੀਮਤ ਕਰਨ ਦੇ ਫੈਸਲੇ ਨੂੰ ਦੇਸ਼ ਦੇ ਲੋਕਾਂ ਨਾਲ ਵਿਤਕਰਾ ਤੇ ਅਣਮਨੁੱਖੀ ਫੈਸਲਾ ਕਰਾਰ ਦਿੱਤਾ ਤੇ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਮੁੱਖ ਮੰਤਰੀ ਨੇ ਦੇਸ਼ ਦੇ ਲੋਕਾਂ ਨਾਲ ਇਹ ਐਲਾਨ ਕਰਕੇ ਵਿਤਕਰਾ ਕਰਨ ਦੀ ਕੋਸ਼ਿਸ਼ ਕੀਤੀ  ਹੈ ਕਿ ਸਰਕਾਰੀ ਹਸਪਤਾਲਾਂ ਵਿਚ ਉਹਨਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਉਹ ਪੰਜਾਬ ਦੀ ਆਪ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦੇ ਹਨ ਕਿ ਜੇਕਰ ਪੰਜਾਬ ਦਾ ਕੋਈ ਵਸਨੀਕ ਦਿੱਲੀ ਦੌਰੇ ਸਮੇਂ ਬਿਮਾਰ ਹੋ ਜਾਂਦਾ ਹੈ ਤਾਂ ਕੀ ਉਹ ਉਸਨੂੰ ਵਾਪਸ ਪੰਜਾਬ ਲਿਆ ਕੇ ਇਥੇ ਹਸਪਤਾਲ ਵਿਚ ਦਾਖਲ ਕਰਵਾਉਣਗੇ ? ਫੈਸਲਾ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ  ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੇਜਰੀਵਾਲ ਨੇ  ਅਜਿਹੇ ਬੇਰਹਿਮੀ ਭਰੇ ਸਖ਼ਤ ਫੈਸਲੇ ਲਏ ਹੋਣ। ਉਹਨਾਂ ਕਿਹਾ ਕਿ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਨਾ ਦੇ ਕੇ ਉਹਨਾਂ ਨੂੰ ਦਿੱਲੀ ਤੋਂ ਭੱਜਣ ਲਈ ਮਜਬੂਰ ਕੀਤਾ ਸੀ।

ਹੁਣ ਉਹ ਉਹਨਾਂ ਲੱਖਾਂ ਲੋਕਾਂ ਨੂੰ ਇਲਾਜ ਦੀ ਸਹੂਲਤ ਦੇਣ ਤੋਂ ਇਨਕਾਰ ਕਰ ਰਹੇ ਹਨ ਜਿਹਨਾਂ ਕੋਲ ਦਿੱਲੀ ਦੇ ਵਸਨੀਕ ਹੋਣ ਦਾ ਦਸਤਾਵੇਜ਼ੀ ਸਬੂਤ ਤਾਂ ਨਹੀਂ ਹੈ ਪਰ ਉਹ ਕੰਮਕਾਜ ਕਾਰਨ ਦਿੱਲੀ ਵਿਚ ਹੀ ਰਹਿੰਦੇ ਹਨ। ਉਹਨਾਂ ਨੇ ਕੇਜਰੀਵਾਲ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣ ਲਈ ਆਖਿਆ ਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਕੋਲੋਂ ਜਾਂ ਹੋਰ ਸੂਬਾ ਸਰਕਾਰਾਂ ਕੋਲ ਮਦਦ ਮੰਗ ਸਕਦੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਹਾਂਮਾਰੀ ਦੌਰਾਨ ਕਿਸੇ ਨੂੰ ਵੀ ਤੁਰੰਤ ਇਲਾਜ ਤੋਂ ਇਨਕਾਰ ਨਾ ਕੀਤਾ ਜਾਵੇ।

-PTCNews

Related Post