4000 ਕਰੋੜ ਰੁਪਏ ਦੇ ਬੀਜ ਘੁਟਾਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਹਿਰਾਸਤੀ ਪੁੱਛ ਗਿੱਛ ਕੀਤੀ ਜਾਵੇ : ਸ਼੍ਰੋਮਣੀ ਅਕਾਲੀ ਦਲ

By  Shanker Badra June 3rd 2020 06:30 PM

4000 ਕਰੋੜ ਰੁਪਏ ਦੇ ਬੀਜ ਘੁਟਾਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਹਿਰਾਸਤੀ ਪੁੱਛ ਗਿੱਛ ਕੀਤੀ ਜਾਵੇ : ਸ਼੍ਰੋਮਣੀ ਅਕਾਲੀ ਦਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਡੇਰਾ ਬਾਬਾ ਨਾਨਕ ਆਧਾਰਿਤ ਬੀਜ ਸਟੋਰ ਵੱਲੋਂ ਪੀ ਆਰ 128 ਅਤੇ ਪੀ ਆਰ 129 ਦੇ ਨਕਲੀ ਬੀਜ ਤਿਆਰ ਕਰਨ ਦੇ ਮੁੱਖ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਤੇ ਉਸਦੀ ਹਿਰਾਸਤੀ ਪੁੱਛ ਗਿੱਛ ਕੀਤੇ ਜਾਣ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਨਕਲੀ ਬੀਜ ਦੇ ਕਾਰਨ ਸੂਬੇ ਵਿਚ ਕਿਸਾਨਾਂ ਦੀ ਜ਼ਿੰਦਗੀ ਤਬਾਹ ਹੋ ਰਹੀ ਹੈ ਜਦਕਿ ੂੰ ਐਸ ਆਈ ਟੀ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਮੱਦੇਨਜ਼ਰ ਲੋਕ ਇਨਸਾਫ ਪਾਰਟੀ (ਐਲ ਆਈ ਪੀ) ਦੀ ਇਸ 4000 ਕਰੋੜ ਰੁਪਏ ਦੇ ਘੁਟਾਲੇ ਵਿਚ ਭੂਮਿਕਾ ਦੀ ਵਿਸਥਾਰਿਤ ਜਾਂਚ ਕੀਤੇ ਜਾਣ ਦੀ ਜਰੂਰਤ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਹੈਰਾਨੀਜਨਕ ਗੱਲ ਹੈ ਕਿ ਐਸ ਆਈ ਟੀ ਨੇ ਹਾਲੇ ਤੱਕ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਨੂੰ ਗ੍ਰਿਫਤਾਰ ਕਰਨ ਦੀ ਜ਼ਰੂਰਤ ਨਹੀਂ ਸਮਝੀ ਹਾਲਾਂਕਿ ਉਸਦੀ ਬੀਜ ਘੁਟਾਲੇ ਵਿਚ ਸ਼ਮੂਲੀਅਤ ਦਾ ਪਰਦਾਫਾਸ਼ 11 ਮਈ ਨੂੰ ਹੀ ਗਿਆ ਸੀ। ਇਹਨਾਂ ਆਗੂਆਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮਾਮਲਾ ਉਠਾਉਣ ਤੋਂ ਬਾਅਦ ਇਸ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕੀਤਾ ਗਿਆ ਸੀ ਤੇ ਲੱਕੀ ਢਿੱਲੋਂ ਵੱਲੋਂ ਬਰਾੜ ਸੀਡਜ਼, ਜਿਸਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ,  ਨੂੰ ਨਕਲੀ ਬੀਜ਼ ਸਪਲਾਈ ਕਰਨ ਦੀ ਗੱਲ ਸਾਹਮਣੇ ਆਉਣ ਦੇ ਬਾਵਜੂਦ ਲੱਕੀ ਢਿੱਲੋਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹਨਾਂ ਆਗੂਆਂ ਨੇ ਕਿਹਾ ਕਿ ਇਸ ਗੱਲ ਦੇ ਪੁਖ਼ਤ ਸਬੂਤ ਮੌਜੂਦ ਹਨ ਕਿ ਬਰਾੜ ਸੀਡਜ਼ ਦੇ ਦਫਤਰ ਤੋਂ ਜ਼ਬਤ ਕੀਤੀਆਂ ਬਿੱਲ ਰਸੀਦਾਂ ਤੇ ਮੁਲਜ਼ਮਾਂ ਵੱਲੋਂ ਦਿੱਤੇ ਬਿਆਨਾਂ ਤੋਂ ਇਹ ਸਪਸ਼ਟ ਹੈ ਕਿ ਜਾਅਲੀ ਬੀਜ ਕਰਨਾਲ ਐਗਰੀ ਸੀਡਜ਼ ਵੱਲੋਂ ਸਪਲਾਈ ਕੀਤੇ ਗਏ ਸਨ। ਅਕਾਲੀ ਆਗੂਆਂ  ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਐਸ ਆਈ ਟੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ  ਲੱਕੀ ਢਿੱਲੋਂ ਨੂੰ ਦਿੱਤੀ ਗਈ ਸਿਆਸੀ ਸਰਪ੍ਰਸਤੀ ਦੇ ਕਾਰਨ ਹੀ ਕਰਨਾਲ ਐਗਰੀ ਸਡੀਜ਼ ਦੇ ਖਿਲਾਫ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੰਤਰੀ ਨੇ ਮੁਲਜ਼ਮ ਨੂੰ ਇਕ ਸੇਫ ਹਾਊਸ ਵਿਚ ਪਨਾਹ ਦਿੱਤੀ ਹੈ ਤੇ ਇਸੇ ਕਾਰਨ ਐਸ ਆਈ ਟੀ ਉਸਨੂੰ ਗ੍ਰਿਫਤਾਰ ਕਰਨ ਵਿਚ ਅਸਮਰਥ ਹੈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਹਵਾਲੇ ਕਰਨ ਜਾਂ ਫਿਰ ਇਸ ਮਾਮਲੇ ਦੀ ਪੜਤਾਲ ਹਾਈ ਕੋਰਟ ਤੋਂ ਕਰਵਾਈ ਜਾਵੇ ਤਾਂ ਜੋ ਲੱਕੀ ਢਿੱਲੋਂ ਨੂੰ  ਗ੍ਰਿਫਤਾਰ ਕੀਤਾ  ਜਾ ਸਕੇ ਤੇ ਉਸ ਤੋਂ ਤੁਰੰਤ ਪੁੱਛ ਗਿੱਛ ਕੀਤੀ ਜਾ ਸਕੇ।

ਅਕਾਲੀ ਨੇਤਾਵਾਂ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਨੇਤਾ ਬਲਜਿੰਦਰ ਸਿੰਘ ਭੂੰਦੜੀ ਦੀ ਬੀਜ ਘੁਟਾਲੇ ਵਿਚ ਗ੍ਰਿਫਤਾਰ ਤੋਂ ਇਹ ਵੀ ਸਾਬਤ ਹੋ ਗਿਆ ਹੈ ਕਿ ਇਸ ਘੁਟਾਲੇ ਦੇ ਵੱਡੇ ਪਹਿਲੂ ਹਨ ਤੇ ਇਸ ਵਿਚ ਲੋਕ ਇਨਸਾਫ ਪਾਰਟੀ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਐਸ ਆਈ ਟੀ ਨੂੰ ਲੋਕ ਇਨਸਾਫ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਤੋਂ ਵੀ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਤਾਂ ਜੋ ਭੂੰਦੜੀ ਤੇ ਪਾਰਟੀ ਦੇ ਹੋਰ ਮੈਂਬਰਾਂ ਦੀ ਇਸ ਘੁਟਾਲੇ ਵਿਚ ਸ਼ਮੂਲੀਅਤ ਲਈ ਮਿਲੀ ਸਿਆਸੀ ਸਰਪ੍ਰਸਤੀ ਦਾ ਪਰਦਾਫਾਸ਼ ਹੋ ਸਕੇ। ਉਹਨਾਂ ਕਿਹਾ ਕਿ ਭੂੰਦੜੀ ਵੱਲੋਂ ਬੀਜਾਂ ਦੀ ਗਿਣਤੀ ਵਧਾਉਣ ਦਾ ਤੱਥ ਸਾਬਤ ਹੋਣ ਨੇ ਸਾਬਤ ਕੀਤਾ ਹੈ ਕਿ ਬੀਜ ਘੁਟਾਲੇ ਵਿਚ ਅੰਤਰ ਰਾਜੀ ਗਿਰੋਹ ਸ਼ਾਮਲ ਹੈ ਜਿਸਨੇ ਲੋਕ ਇਨਸਾਫ ਪਾਰਟੀ ਤੇ ਕਾਂਗਰਸ ਪਾਰਟੀ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੀ ਸਿਆਸੀ ਸਰਪ੍ਰਸਤੀ ਦੀ ਮਦਦ ਨਾਲ ਇਹ ਕੰਮ ਨੇਪਰੇ ਚਾੜਿਆ ਹੈ।

ਸ੍ਰੀ ਗਰੇਵਾਲ ਤੇ ਸ੍ਰੀ ਢਿੱਲੋਂ ਨੇ ਕਿਹਾ ਕਿ ਐਸ ਆਈ ਟੀ ਬੀਜ ਘੁਟਾਲੇ ਦੀ ਪੜਤਾਲ ਸਹੀ ਤਰੀਕੇ ਨਹੀਂ ਕਰ ਰਹੀ।  ਉਹਨਾਂ ਕਿਹਾ ਕਿ ਇਹ ਛੋਟੀਆਂ ਮੱਛੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਦਕਿ ਵੱਡੀਆਂ ਮੱਛੀਆਂ ਆਜ਼ਾਦ ਘੁੰਮ ਰਹੀਆਂ ਹਨ। ਇਹਨਾਂ ਆਗੂਆਂ ਨੇ ਕਿਹਾ ਕਿ  ਮੁਲਜ਼ਮਾਂ ਖਿਲਾਫ ਜਾਣ ਬੁੱਝ ਕੇ ਜ਼ਮਾਨਤ ਮਿਲ ਜਾਣ ਵਾਲੇ ਛੋਟੇ ਕੇਸ ਦਰਜ ਕੀਤੇ ਗਏ ਹਨ ਤਾਂ ਜੋ ਮਾਮਲਾ ਰਫਾ ਦੱਫਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਐਸ ਆਈ ਟੀ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੀ ਤੇ ਇਸਨੂੰ ਜਾਂ ਤਾਂ ਮੁੱਖ ਦੋਸ਼ੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਫਿਰ ਮੁੱਖ ਮੰਤਰੀ ਨੂੰ ਐਸ ਆਈ ਟੀ ਭੰਗ ਕਰ ਕੇ ਮਾਮਲੇ ਦੀ ਨਿਰਪੱਖ ਤੇ ਆਜ਼ਾਦ ਜਾਂਚ ਕਰਵਾਉਣੀ ਚਾਹੀਦੀ ਹੈ।ਇਹਨਾਂ ਨੇਤਾਵਾਂ ਨੇ ਸੂਬੇ ਭਰ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਬੀਜ ਘੁਟਾਲੇ ਦੇ ਦੋਸ਼ੀਆਂ ਖਿਲਾਫ ਖੁੱਲ ਕੇ ਸਾਹਮਣੇ ਆਉਣ ਅਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਮੁਆਵਜ਼ਾ ਲੈਣ ਦੇ ਮਾਮਲੇ ਵਿਚ ਅਕਾਲੀ ਦਲ ਉਹਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹੋਵੇਗਾ।

-PTCNews

Related Post