ਪਾਰਟੀ ਵਿਰੋਧੀ ਬਿਆਨਬਾਜ਼ੀ ’ਤੇ ਜਗਮੀਤ ਬਰਾੜ ਤੋਂ ਇਕ ਹਫਤੇ ਵਿਚ ਜਵਾਬ ਮੰਗਿਆ

By  Jasmeet Singh October 21st 2022 05:38 PM -- Updated: October 21st 2022 08:23 PM

ਚੰਡੀਗੜ੍ਹ, 21 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਬਕਾ ਐਮ.ਪੀ. ਜਗਮੀਤ ਸਿੰਘ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਉਹਨਾਂ ਤੋਂ ਪਾਰਟੀ ਵਿਰੋਧੀ ਬਿਆਨਬਾਜ਼ੀ ਕਰਨ ਲਈ ਇਕ ਹਫਤੇ ਵਿਚ ਜਵਾਬ ਮੰਗਿਆ ਤੇ ਕਿਹਾ ਕਿ ਜੇਕਰ ਜਵਾਬ ਨਾ ਦਿੱਤਾ ਗਿਆ ਤਾਂ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਹ ਕਾਰਨ ਦੱਸੋ ਨੋਟਿਸ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਜਾਰੀ ਕੀਤਾ ਹੈ। ਇਸ ਨੋਟਿਸ ਵਿਚ ਕਿਹਾ ਗਿਆ ਕਿ ਸਾਬਕਾ ਐਮ.ਪੀ ਦੇ ਖਿਲਾਫ ਤਿੰਨ ਵਿਸ਼ੇਸ਼ ਸ਼ਿਕਾਇਤਾਂ ਆਈਆਂ ਹਨ। ਇਸ ਵਿਚ ਕਿਹਾ ਗਿਆ ਕਿ ਮੌੜ ਹਲਕੇ ਦੇ ਪਾਰਟੀ ਵਰਕਰਾਂ ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਕਿ ਉਹਨਾਂ ਦੇ ਬੇਲੋੜੇ ਬਿਆਨਾਂ ਨਾਲ ਹਲਕੇ ਵਿਚ ਪਾਰਟੀ ਦੇ ਅਕਸ ਨੂੰ ਢਾਹ ਵੱਜੀ ਹੈ।

ਅਨੁਸ਼ਾਸਨੀ ਕਮੇਟੀ ਨੇ ਉਹਨਾਂ ਵੀਡੀਓ ਬਿਆਨਾਂ ਦਾ ਵੀ ਨੋਟਿਸ ਲਿਆ ਹੈ ਜੋ ਬਰਾੜ ਨੇ ਸੋਸ਼ਲ ਮੀਡੀਆ ਵਿਚ ਧੜੇਬੰਦੀ ਨੂੰ ਉਤਸ਼ਾਹਿਤ ਕਰਨ ਤੇ ਪਾਰਟੀ ਵਿਚ ਵੰਡੀਆਂ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਪੋਸਟ ਕੀਤੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਜਗਮੀਤ ਸਿੰਘ ਬਰਾੜ ਵੱਲੋਂ 10 ਅਕਤੂਬਰ ਨੂੰ ਚੰਡੀਗੜ੍ਹ ਵਿਚ ਸੱਦੀ ਪ੍ਰੈਸ ਕਾਨਫਰੰਸ ਦਾ ਵੀ ਨੋਟਿਸ ਲਿਆ ਹੈ ਜਿਸ ਵਿਚ ਉਹਨਾਂ ਨੇ ਆਪਣੇ ਆਪ ਨੂੰ 21 ਮੈਂਬਰੀ ਤਾਲਮੇਲ ਕਮੇਟੀ ਦਾ ਕਨਵੀਨਰ ਨਿਯੁਕਤ ਕਰ ਲਿਆ ਹੈ ਹਾਲਾਂਕਿ ਇਸ ਵਾਸਤੇ ਪਾਰਟੀ ਨੇ ਉਹਨਾਂ ਨੂੰ ਅਧਿਕਾਰਤ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ: ਆਬਕਾਰੀ ਤੇ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਏ ਸ਼ਰਾਬ ਸਮੱਗਲਰ

ਅਨੁਸ਼ਾਸਨੀ ਕਮੇਟੀ ਨੇ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਸੀਨੀਅਰ ਆਗੂ ਹਨ ਜਿਸ ਨਾਅਤੇ ਉਹਨਾਂ ਨੂੰ ਸੰਜਮ ਵਰਤਣਾ ਚਾਹੀਦਾ ਸੀ ਤੇ ਪਾਰਟੀ ਦੇ ਅਧਿਕਾਰਤ ਪਲੈਟਫਾਰਮ ’ਤੇ ਹੀ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਸਨ ਨਾ ਕਿ ਇਹਨਾਂ ਨੂੰ ਜਨਤਕ ਕਰਨਾ ਚਾਹੀਦਾ ਸੀ।

-PTC News

Related Post