ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸੰਤ ਸਮਾਜ ਦੀ ਸ਼ਮੂਲੀਅਤ ਮੰਗੀ

By  Jashan A September 1st 2019 09:23 AM

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸੰਤ ਸਮਾਜ ਦੀ ਸ਼ਮੂਲੀਅਤ ਮੰਗੀ ਸਿੱਖ ਸੰਪਰਦਾਵਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ਨੂੰ ਕਰਵਾਉਣ ਸੰਬੰਧੀ ਆਪਣੇ ਵੱਡਮੁੱਲੇ ਸੁਝਾਅ ਦੇਣ ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਸੰਤ ਸਮਾਜ ਦੀ ਸ਼ਮੂਲੀਅਤ ਅਤੇ ਸਲਾਹ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਪੰਥ ਦੀਆਂ ਇਹਨਾਂ ਮਹਾਨ ਸੰਪਰਦਾਵਾਂ ਦਾ ਪੰਥ ਦੇ ਪ੍ਰਚਾਰ ਅਤੇ ਪਸਾਰ ਲਈ ਬਹੁਤ ਅਹਿਮ ਯੋਗਦਾਨ ਰਿਹਾ ਹੈ ਅਤੇ ਇਹਨਾਂ ਸੰਪਰਦਾਵਾਂ ਨੇ ਚੁਣੌਤੀ ਭਰੇ ਸਮਿਆਂ ਵਿਚ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਪ੍ਰਧਾਨ ਨੇ ਅੱਜ ਇੱਥੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇਪ੍ਰਧਾਨ ਬਾਬਾ ਹਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਸਿੱਖ ਪੰਥ ਦੀਆਂ ਵੱਖ ਵੱਖ ਸੰਪਰਦਾਵਾਂ ਦੀ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਕੇਂਦਰੀ ਫੂਡ ਸਪਲਾਈ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸੰਤ ਸਮਾਜ ਸਿੱਖ ਸਿਧਾਂਤਾਂ ਦੇ ਪ੍ਰਚਾਰ-ਪਸਾਰ ਅਤੇ ਸਿੱਖੀ ਦੀਆਂ ਕਦਰਾਂ-ਕੀਮਤਾਂ ਦੀ ਰਾਖੀ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਨੂੰ ਕਰਵਾਉਣ ਵਿਚ ਤੁਹਾਡੀ ਰਹਿਨੁਮਾਈ ਅਤੇ ਸ਼ਮੂਲੀਅਤ ਦੀ ਲੋੜ ਹੈ। ਉਹਨਾਂ ਕਿਹਾ ਕਿ ਕਿਰਪਾ ਕਰਕੇ ਇਹਨਾਂ ਸਮਾਗਮਾਂ ਨੂੰ ਕਰਵਾਉਣ ਸੰਬੰਧੀ ਆਪਣੇ ਵੱਡਮੁੱਲੇ ਸੁਝਾਅ ਦਿਓ ਤਾਂ ਕਿ ਇਹ ਸਮਾਗਮ ਗੁਰਬਾਣੀ ਵਿਚ ਦਰਜ ਸਿੱਖਿਆਵਾਂ ਦੇ ਪ੍ਰਚਾਰ ਦਾ ਮਾਧਿਅਮ ਹੋ ਨਿਬੜਣ। ਬਾਦਲ ਨੇ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਕੇ ਸਿੱਖੀ ਨੂੰ ਅੱਗੇ ਲੈ ਕੇ ਜਾਣ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਕਿਸੇ ਦੀ ਨਿੱਜੀ ਸੰਪਤੀ ਨਹੀ,ਸਗੋਂ ਪ੍ਰਤੀਬੱਧ ਅਤੇ ਮਿਹਨਤੀ ਵਰਕਰਾਂ ਦੁਆਰਾ ਚਲਾਈ ਜਾ ਰਹੀ ਸਮੁੱਚੇ ਸਿੱਖ ਪੰਥ ਦੀ ਇੱਕ ਨੁੰਮਾਇਦਾ ਜਥੇਬੰਦੀ ਹੈ। ਉਹਨਾਂ ਕਿਹਾ ਕਿ ਮੇਰੇ ਮਗਰੋਂ ਇਸ ਦਾ ਕੋਈ ਨਵਾਂ ਪ੍ਰਧਾਨ ਹੋਵੇਗਾ। ਇਹ ਪ੍ਰਕਿਰਿਆ ਇਸੇ ਤਰ੍ਹਾਂ ਚੱਲਦੀ ਆ ਰਹੀ ਹੈ। ਅਕਾਲੀ ਦਲ ਦਾ ਪ੍ਰਧਾਨ ਇੱਕ ਮੁੱਖ ਸੇਵਾਦਾਰ ਤੋਂ ਵੱਧ ਕੁੱਝ ਨਹੀਂ ਹੈ। ਇਸ ਮੌਕੇ ਉੱਤੇ ਬੋਲਦਿਆਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਾਰਿਆਂ ਨੂੰ ਇਹਨਾਂ ਸਮਾਗਮਾਂ ਦੇ ਪ੍ਰਬੰਧਾਂ ਵਾਸਤੇ ਆਪਣੀ ਇੱਛਾ ਅਨੁਸਾਰ ਯੋਗਦਾਨ ਪਾਉਣ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਸ ਸੰਬੰਧੀ ਐਚਡੀਐਫਸੀ ਬੈਂਕ ਵਿਚ ਇੱਕ ਖਾਸ ਨੰਬਰ :55055013131313 ਵਾਲਾ ਖਾਤਾ ਖੋਲਿ੍ਹਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਇਸ ਖਾਤੇ ਵਿਚ ਪੇਟੀਐਮ ਦੀ ਸਹੂਲਤ ਵੀ ਹੈ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸੁਲਤਾਨਪੁਰ ਲੋਧੀ ਨੂੰ ਸਫੈਦ ਸ਼ਹਿਰ ਵਿਚ ਬਦਲ ਦੇਣ ਅਤੇ ਵਾਅਦਾ ਕੀਤਾ ਕਿ ਉਹ ਇਸ ਸੰਬੰਧੀ ਪੂਰੀ ਸੇਵਾ ਨਿਭਾਉਣਗੇ। ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਚਪਨ ਤੋਂ ਹੀ ਉਹਨਾਂ ਦੀ ਸਿੱਖ ਸਿਧਾਂਤਾਂ ਵਿਚ ਬਹੁਤ ਜ਼ਿਆਦਾ ਸ਼ਰਧਾ ਹੈ,ਜੋ ਕਿ ਆਖਰੀ ਸਾਹ ਤਕ ਰਹੇਗੀ। ਅਕਾਲੀ ਦਲ ਪ੍ਰਧਾਨ,ਕੇਂਦਰੀ ਮੰਤਰੀ ਅਤੇ ਮਜੀਠੀਆ ਨੇ ਸੰਤ ਸਮਾਜ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ਸੰਬੰਧੀ ਆਪਣੀ ਵੱਡਮੁੱਲੀ ਰਾਇ ਹੀ ਨਾ ਦੇਣ,ਸਗੋਂ ਪੂਰੀ ਸਰਗਰਮੀ ਨਾਲ ਇਹਨਾਂ ਵਿਚ ਹਿੱਸਾ ਲੈ ਕੇ ਇਹਨਾਂ ਨੂੰ ਕਾਮਯਾਬ ਬਣਾਉਣ। -PTC News

Related Post