ਭਗਵੰਤ ਮਾਨ ਲੰਪੀ ਚਮੜੀ ਰੋਗ ਮਾਰਨ ਮਰੇ ਪਸ਼ੂਆਂ ਲਈ ਪ੍ਰਤੀ ਪਸ਼ੂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ: ਅਕਾਲੀ ਦਲ

By  Jasmeet Singh August 12th 2022 09:21 PM -- Updated: August 12th 2022 09:23 PM

ਚੰਡੀਗੜ੍ਹ, 12 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਲੰਪੀ ਚਮੜੀ ਰੋਗ ਮਾਰਨ ਮਰੇ ਪਸ਼ੂਆਂ ਲਈ ਕਿਸਾਨਾਂ ਤੇ ਡੇਅਰੀ ਮਾਲਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਵਿਚ ਫੇਰੀ ਕਾਰਨ ਪੰਜਾਬ ਵਿਚ ਡੇਅਰੀ ਸੈਕਟਰ ਨੂੰ ਵੱਡੀ ਸੱਟ ਵੱਜੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜੁਲਾਈ ਦੇ ਅੱਧ ਵਿਚ ਹੀ ਕਿਸਾਨਾਂ ਤੇ ਡੇਅਰੀ ਮਾਲਕਾਂ ਦੇ ਪਸ਼ੂਆਂ ਨੂੰ ਲੰਪੀ ਬਿਮਾਰੀ ਨੇ ਘੇਰ ਲਿਆ ਸੀ ਪਰ ਆਪ ਸਰਕਾਰ ਬਿਮਾਰੀ ਦੀ ਹੋਂਦ ਤੋਂ ਹੀ ਇਨਕਾਰੀ ਬਣੀ ਰਹੀ। ਉਹਨਾਂ ਕਿਹਾ ਕਿ ਇਹ ਤਾਂ ਖਬਰਾਂ ਛਪਣ ਤੇ ਚੈਨਲਾਂ ’ਤੇ ਚੱਲਣ ਤੋਂ ਬਾਅਦ ਹੀ ਸਰਕਾਰ ਗੂੜੀ ਨੀਂਦ ਵਿਚੋਂ ਜਾਗੀ ਤੇ ਹੁਣ ਡੈਮਜ ਕੰਟਰੋਲ ਵਿਚ ਲੱਗੀ ਹੈ ਪਰ ਹੁਣ ਬਹੁਤ ਦੇਰ ਹੋ ਗਈ ਹੈ। 25000 ਦੁਧਾਰੂ ਪਸ਼ੂ ਮਰ ਗਏ ਹਨ ਤੇ ਕਿਸਾਨਾਂ ਨੂੰ 70 ਹਜ਼ਾਰ ਤੋਂ 1.25 ਲੱਖ ਪ੍ਰਤੀ ਦੁਧਾਰੂ ਪਸ਼ੂ ਦਾ ਘਾਟਾ ਪਿਆ ਹੈ।

ਮਲੂਕਾ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਮੂੰਗੀ ਐਮਐਸਪੀ ਨਾਲੋਂ ਘੱਟ ਰੇਟਾਂ ’ਤੇ ਵੇਚਣ ਤੇ ਹੜ੍ਹਾਂ ਕਾਰਨ ਘਾਟਾ ਪਿਆ ਤੇ ਹੁਣ ਇਸ ਬਿਮਾਰੀ ਨੇ ਪਸ਼ੂ ਪਾਲਣ ਸੈਕਟਰ ਵਿਚ ਤਬਾਹੀ ਲਿਆ ਦਿੱਤੀ ਹੈ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਐਮਐਸਪੀ ਨਾਲੋਂ ਘੱਟ ਰੇਟ ’ਤੇ ਮੂੰਗੀ ਵੇਚਣ ਲਈ ਕਿਸਾਨਾਂ ਨੂੰ ਕੀਤੇ ਵਾਅਦੇ ਅਨੁਸਾਰ ਰਾਹਤ ਨਹੀਂ ਦੇ ਸਕੀ, ਫਿਰ ਇਹ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇ ਸਕੀ ਤੇ ਹੁਣ ਸਰਕਾਰ ਲੰਪੀ ਬਿਮਾਰੀ ਕਾਰਨ ਉਲਝੇ ਕਿਸਾਨਾਂ ਲਈ ਰਾਹਤ ਨਹੀਂ ਦੇ ਸਕੀ।

ਮਲੂਕਾ ਨੇ ਕਿਹਾ ਕਿ ਸਰਕਾਰ ਨੂੰ ਹੁਣ ਬਿਨਾਂ ਹੋਰ ਦੇਰੀ ਦੇ 50 ਹਜ਼ਾਰ ਪ੍ਰਤੀ ਪਸ਼ੂ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਨਾਲ ਹੀ ਡੇਅਰੀ ਮਾਲਕਾਂ ਨੂੰ ਦਵਾਈਆਂ ਸਮੇਤ ਹੋਰ ਮਦਦ ਦੇਣੀ ਚਾਹੀਦੀ ਹੈ ਤਾਂ ਜੋ ਉਹ ਇਸ ਬਿਮਾਰੀ ਦੇ ਹੋਰ ਫੈਲਾਅ ਨੂੰ ਰੋਕ ਸਕਣ।

-PTC News

Related Post