ਪੰਜਾਬ ਦੇ ਸਰਪੰਚਾਂ ਨੂੰ ਜਲਦ ਦਿੱਤਾ ਜਾਵੇਗਾ ਮਾਣ ਭੱਤਾ : ਧਾਲੀਵਾਲ

By  Ravinder Singh September 21st 2022 05:33 PM -- Updated: September 21st 2022 05:38 PM

ਅੰਮ੍ਰਿਤਸਰ : ਪੰਚਾਇਤੀ ਰਾਜ ਸੰਸਥਾਵਾਂ 'ਚ ਔਰਤਾਂ ਦੀ ਮਜ਼ਬੂਤ ਭਾਈਵਾਲੀ ਉਤੇ ਕਰਵਾਏ ਪੰਜਾਬ ਦੇ ਪਲੇਠੇ ਸੈਮੀਨਾਰ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਪਿੰਡਾਂ ਦੀ ਦਸ਼ਾ ਤੇ ਦਿਸ਼ਾ ਬਦਲਣ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਕਿਹਾ ਕਿ ਜੇ ਮੇਰੀਆਂ ਮਾਵਾਂ, ਭੈਣਾਂ, ਧੀਆਂ, ਜੋ ਕਿ ਪਿੰਡਾਂ ਦੀ ਸਰਪੰਚ ਲੋਕਾਂ ਦੁਆਰਾ ਚੁਣੀਆਂ ਗਈਆਂ ਹਨ, ਪਿੰਡਾਂ ਦੀ ਵਾਗਡੋਰ ਹਕੀਕਤ 'ਚ ਸੰਭਾਲ ਲੈਂਦੀਆਂ ਤਾਂ ਅੱਜ ਸਾਡੇ ਪਿੰਡਾਂ ਦੀ ਹਾਲਤ ਅੱਜ ਨਾਲੋਂ ਕਿਤੇ ਬਿਹਤਰ ਹੋਣੀ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਰਪੰਚਾਂ ਦਾ ਰਾਖਵਾਂਕਰਨ 50 ਫ਼ੀਸਦੀ ਕਰ ਦਿੱਤਾ, ਲੋਕਾਂ ਨੇ ਵੋਟਾਂ ਪਾ ਕੇ ਮਹਿਲਾ ਸਰਪੰਚ ਚੁਣ ਲਏ ਪਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਪੰਜਾਬ ਦੇ ਸਰਪੰਚਾਂ ਨੂੰ ਮਾਣ ਭੱਤਾ ਜਲਦ ਦਿੱਤਾ ਜਾਵੇਗਾ : ਧਾਲੀਵਾਲਉਨ੍ਹਾਂ ਨੇ ਕਿਹਾ ਕਿ ਜੇ ਪਿੰਡਾਂ ਵਿਚ ਕਮਾਂਡ ਔਰਤਾਂ ਦੇ ਹੱਥ ਹੁੰਦੀ ਤਾਂ ਪਿੰਡਾਂ 'ਚ ਨਸ਼ਾ, ਨਾਜਾਇਜ਼ ਕਬਜ਼ੇ, ਸ਼ਰੀਕੇਬਾਜ਼ੀ, ਵੈਰ-ਵਿਰੋਧ ਇੰਨੇ ਨਾ ਹੁੰਦੇ, ਜਿੰਨੇ ਕਿ ਹੁਣ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਤਿੰਨ ਮਾਵਾਂ, ਜਿਸ ਵਿਚ ਜਨਮ ਦੇਣ ਵਾਲੀ ਮਾਂ, ਧਰਤੀ ਮਾਂ ਤੇ ਮਾਂ ਬੋਲੀ ਸ਼ਾਮਿਲ ਹਨ, ਸੰਕਟ ਵਿਚ ਹਨ। ਮਾਂ ਨੂੰ ਪੁੱਤਰ ਧੀਆਂ ਦੇ ਭਵਿੱਖ ਦੀ ਚਿੰਤਾ ਹੈ, ਧਰਤੀ ਮਾਂ ਪਲੀਤ ਹੁੰਦੇ ਵਾਤਾਵਰਣ ਤੋਂ ਪੀੜਤ ਹੈ ਤੇ ਸਾਡੀ ਮਾਂ ਬੋਲੀ ਨੂੰ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਤੋਂ ਖ਼ਤਰਾ ਪੈਦਾ ਹੋ ਚੁੱਕਾ ਹੈ, ਸੋ ਅੱਜ ਲੋੜ ਹੈ ਕਿ ਆਪਣੀਆਂ ਮਾਵਾਂ ਨੂੰ ਬਚਾਉਣ ਲਈ ਪੁੱਤਰਾਂ ਦੇ ਨਾਲ-ਨਾਲ ਧੀਆਂ ਵੀ ਬਰਾਬਰ ਦੀ ਸਹਿਯੋਗੀ ਬਣਨ। ਪੰਜਾਬ ਦੇ ਸਰਪੰਚਾਂ ਨੂੰ ਮਾਣ ਭੱਤਾ ਜਲਦ ਦਿੱਤਾ ਜਾਵੇਗਾ : ਧਾਲੀਵਾਲਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਹਾਲਤ 'ਚ ਮਹਿਲਾ ਸਰਪੰਚ ਜਾਂ ਪੰਚ ਦੀ ਥਾਂ ਉਸਦੇ ਪਤੀ ਨੂੰ ਦਫਤਰੀ ਕੰਮ 'ਚ ਦਖ਼ਲ ਨਾ ਦੇਣ ਦਿੱਤਾ ਜਾਵੇ, ਸੋ ਹੁਣ ਤੁਸੀ ਪਿੰਡਾਂ ਦੇ ਵਿਕਾਸ ਲਈ ਅੱਗੇ ਆਉ ਤਾਂ ਮੇਰੇ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਤੁਹਾਡਾ ਗਰਮਜੋਸ਼ੀ ਨਾਲ ਸਵਾਗਤ ਕਰਨਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਸਰਪੰਚਾਂ ਦਾ ਭੱਤਾ ਵੀ ਛੇਤੀ ਰਿਲੀਜ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਸੈਮੀਨਾਰ ਸਰਪੰਚਾਂ ਦੀ ਮੁੱਢਲੀ ਸਿਖਲਾਈ ਹੈ ਤੇ ਅਜਿਹੀ ਸਿਖਲਾਈ ਮਹਿਲਾ ਸਰਪੰਚਾਂ ਨੂੰ ਤਾਕਤ ਦੇਣ ਲਈ ਹਰੇਕ ਜ਼ਿਲ੍ਹੇ 'ਚ ਦਿੱਤੀ ਜਾਵੇਗੀ। ਉਨ੍ਹਾਂ ਨੇ ਵਿਭਾਗ ਦੀਆਂ ਪ੍ਰਾਪਤੀਆਂ ਸਾਂਝੀ ਕਰਦੇ ਕਿਹਾ ਕਿ ਪਹਿਲਾਂ ਮੈਂ ਪੰਚਾਇਤੀ ਜਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਵਿੱਢੀ, ਜੋ ਨਿਰੰਤਰ ਜਾਰੀ ਹੈ। ਫਿਰ ਪੰਜਾਬ ਦੇ ਲਗਭਗ 95 ਫੀਸਦੀ ਪਿੰਡਾਂ ਵਿਚ 35 ਸਾਲ ਬਾਅਦ ਗ੍ਰਾਮ ਸਭਾਵਾਂ ਕਰਵਾਈਆਂ ਤੇ ਹੁਣ ਮੋਰਚਾ ਮਹਿਲਾ ਸਰਪੰਚਾਂ ਨੂੰ ਉਨਾਂ ਦੀ ਕਰੁਸਦੀ ਦੀ ਤਾਕਤ ਸਮਝਾਉਣ ਦਾ ਖੋਲਿਆ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਇਹ ਵੀ ਪੜ੍ਹੋ : ਆਰਟੀਆਈ ਤਹਿਤ ਹੋਇਆ ਖ਼ੁਲਾਸਾ, ਪੰਜਾਬ 'ਚ ਸਿਰਫ਼ ਦੋ ਜਾਇਜ਼ ਮਾਇਨਿੰਗ ਖੱਡਾਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੂਧਲ ਦੀ ਅਗਵਾਈ ਹੇਠ ਕਰਵਾਏ ਗਏ ਅੱਜ ਦੇ ਸੈਮੀਨਾਰ ਦੀ ਵਿਸ਼ੇਸ਼ ਗੱਲ ਇਹ ਰਹੀ ਹੈ ਕਿ ਸਾਰੀਆਂ ਬੁਲਾਰਾ ਔਰਤਾਂ ਹੀ ਸਨ, ਜਿਨ੍ਹਾਂ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕਾ, ਏਆਈਜੀ ਕੰਵਰਦੀਪ ਕੌਰ ਆਈਪੀਐਸ, ਸਹਾਇਕ ਪ੍ਰੋਫੈਸਰ ਡਾ. ਨਿਰਮਲਾ, ਡਾ. ਅਮਿਕਾ ਵਰਮਾ, ਬੀਡੀਪੀਓ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਕੌਰ, ਸੀਡੀਪੀਓ ਖੁਸ਼ਮੀਤ ਕੌਰ, ਹਰਸਿਮਰਨ ਕੌਰ ਜ਼ਿਲ੍ਹਾ ਕੁਆਰਡੀਨੇਟਰ ਮਨਰੇਗਾ, ਸਖੀ ਵੰਨ ਸਟਾਪ ਸੈਂਟਰ ਦੇ ਪ੍ਰਬੰਧਕ ਪ੍ਰੀਤੀ ਸ਼ਰਮਾ, ਵਿਬੂਤੀ ਸੈਨੀਟੇਸ਼ਨ ਅਧਿਕਾਰੀ, ਡਿਪਟੀ ਡੀਈਓ ਰੇਖਾ ਮਹਾਜਨ, ਸਰਪੰਚ ਖਿਲਚੀਆਂ ਮਨਰੀਤ ਕੌਰ ਸ਼ਾਮਿਲ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਗਦੀਸ਼ ਕੌਰ ਧਾਲੀਵਾਲ, ਨਿਧੀ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਵੀਨਾ ਚਤਰਥ, ਮੈਡਮ ਸ਼ੈਰੀ ਮਲਹੋਤਰਾ ਐਸਡੀਐਮ ਬਟਾਲਾ, ਜਸਵਿੰਦਰ ਕੌਰ ਗਿੱਲ, ਚੇਤਨਪੁਰਾ, ਸੀਮਾ ਸੋਢੀ 'ਆਪ' ਦੇ ਪ੍ਰਧਾਨ, ਸਤਪਾਲ ਸੋਖੀ, ਰਵਿੰਦਰ ਹੰਸ, ਸਤਵਿੰਦਰ ਸਿੰਘ ਜੌਹਲ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਅਜੀਵਕਾ ਮਿਸ਼ਨ ਅਧੀਨ 62 ਸੈਲਫ ਹੈਲਪ ਗਰੁੱਪਾਂ ਨੂੰ ਕਰੀਬ 20 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਵੀ ਤਕਸੀਮ ਕੀਤੇ ਗਏ। -PTC News  

Related Post